‘ਸਾਇਬਰ ਰੇਪ’ ਠੱਗੀ : ਨੌਸਰਬਾਜ਼ਾਂ ਨੇ ਇਸ ਤਰ੍ਹਾਂ ਠੱਗਿਆ ਵਣਜ ਮੰਤਰਾਲੇ ਦਾ ਸਲਾਹਕਾਰ
ਫੇਸਬੁਕ ਮੈਸੈਂਜਰ ’ਤੇ ਆਇਆ ਸੀ ਕੁੜੀ ਦਾ ਅਸ਼ਲੀਲ ਫ਼ੋਨ, ਕਰੀਬ 23 ਲੱਖ ਰੁਪਏ ਠੱਗੇ ਜਾਣ ਮਗਰੋਂ ਹੋਇਆ ਸ਼ੱਕ
ਨੋਇਡਾ (ਉੱਤਰ ਪ੍ਰਦੇਸ਼): ਅਸ਼ਲੀਲ ਤਸਵੀਰ ਸੋਸ਼ਲ ਮੀਡੀਆ ’ਤੇ ਫੈਲਾਉਣ ਦਾ ਡਰਾਵਾ ਵਿਖਾ ਕੇ ਸਾਇਬਰ ਨੌਸਰਬਾਜ਼ਾਂ ਨੇ ਇਕ ਸਾਬਕਾ ਅਧਿਕਾਰੀ (ਸੇਵਾਮੁਕਤ) ਤੋਂ 22 ਲੱਖ 79 ਹਜ਼ਾਰ 20 ਰੁਪਏ ਦੀ ਠੱਗੀ ਕਰ ਲਈ। ਪੁਲਿਸ ਨੇ ਇਹ ਜਾਣਕਾਰੀ ਦਿਤੀ ਹੈ।
ਉਨ੍ਹਾਂ ਕਿਹਾ ਕਿ ਨੌਸਰਬਾਜ਼ਾਂ ਨੇ ਪੀੜਤ ਤੋਂ ਛੇ ਖਾਤਿਆਂ ’ਚ ਕਈ ਵਾਰੀ ’ਚ ਰਕਮ ਟਰਾਂਸਫ਼ਰ ਕਰਵਾਈ। ਪੀੜਤ ’ਤੇ ਜਦੋਂ ਹੋਰ ਰਕਮ ਟਰਾਂਸਫ਼ਰ ਕਰਵਾਉਣ ਦਾ ਦਬਾਅ ਬਣਾਇਆ ਜਾਣ ਲੱਗਾ ਤਾਂ ਉਨ੍ਹਾਂ ਨੂੰ ਠੱਗੀ ਦਾ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਸਾਇਬਰ ਅਪਰਾਧ ਥਾਣੇ ’ਚ ਕੀਤੀ।
ਨੋਇਡਾ ਦੇ ਸੈਕਟਰ 36 ਸਥਿਤ ਸਾਇਬਰ ਅਪਰਾਧ ਥਾਣੇ ’ਚ ਥਾਣਾ ਇੰਚਾਰਜ ਇੰਸਪੈਕਟਰ ਰੀਤਾ ਯਾਦਵ ਨੇ ਕਿਹਾ ਕਿ ਪੀੜਤ ਇਕ ਸੇਵਾਮੁਕਤ ਅਧਿਕਾਰੀ ਹੈ ਅਤੇ ਇਸ ਵੇਲੇ ਵਣਜ ਤੇ ਉਦਯੋਗ ਮੰਤਰਾਲਾ ’ਚ ਸਲਾਹਕਾਰ ਦੇ ਅਹੁਦੇ ’ਤੇ ਕੰਮ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੁਝ ਸਮੇਂ ਪਹਿਲਾਂ ਸ਼ਿਕਾਇਤਕਰਤਾ ਦੇ ਫੇਸਬੁਕ ਮੈਸੈਂਜਰ ’ਤੇ ਇਕ ਕੁੜੀ ਨੇ ਅਸ਼ਲੀਲ ਫ਼ੋਨ ਕੀਤਾ ਸੀ। ਕੁਝ ਸਮਾਂ ਬਾਅਦ ਇਕ ਮੋਬਾਈਲ ਨੰਬਰ ਤੋਂ ਪੀੜਤ ਨੂੰ ਫ਼ੋਨ ਆਇਆ ਅਤੇ ਫ਼ੋਨ ਕਰਨ ਵਾਲਾ ਉਸ ਦੀ ਅਤੇ ਕੁੜੀ ਦੀ ਤਸਵੀਰ ਨਾਲ ਛੇੜਛਾੜ ਕਰ ਕੇ ਬਣਾਈਆਂ ਤਸਵੀਰਾਂ ਅਤੇ ਵੀਡੀਉ ਵਿਖਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਲੱਗਾ ਅਤੇ ਧਮਕੀ ਦਿਤੀ ਕਿ ਜੇਕਰ ਉਨ੍ਹਾਂ ਨੂੰ ਰਕਮ ਨਾ ਦਿਤੀ ਤਾਂ ਉਨ੍ਹਾਂ ਦਾ ਵੀਡੀਉ ਯੂ-ਟਿਊਬ ’ਤੇ ਅਪਲੋਡ ਕਰ ਦਿਤਾ ਜਾਵੇਗਾ।
ਇਸ ਤੋਂ ਬਾਅਦ ਖ਼ੁਦ ਨੂੰ ਸਬ-ਇੰਸਪੈਕਟਰ ਦਸਦਿਆਂ ਵਿਕਰਮ ਰਾਠੌਰ ਨਾਮਕ ਵਿਅਕਤੀ ਨੇ ਪੀੜਤ ਨੂੰ ਫ਼ੋਨ ਕੀਤਾ ਅਤੇ ਵੀਡੀਉ ਡਿਲੀਟ ਕਰਨ ਬਦਲੇ ਪੈਸੇ ਮੰਗੇ ਅਤੇ ਕਿਹਾ ਕਿ ਜੇਕਰ ਉਸ ਨੇ ਰਕਮ ਟਰਾਂਸਫ਼ਰ ਨਾ ਕੀਤੀ ਤਾ ਉਸ ਦਾ ਵੀਡੀਉ ਸੋਸ਼ਲ ਮੀਡੀਆ ’ਤੇ ਫੈਲਣ ਤੋਂ ਉਹ ਨਹੀਂ ਰੋਕ ਸਕੇਗਾ।
ਉਨ੍ਹਾਂ ਕਿਹਾ ਕਿ ਘਟਨਾ ਤੋਂ ਕੁਝ ਦਿਨ ਬਾਅਦ ਪੀੜਤ ਕੋਲ ਮੁੜ ਕਿਸੇ ਦਾ ਫ਼ੋਨ ਆਇਆ ਅਤੇ ਫ਼ੋਨ ਕਰਨ ਵਾਲੇ ਨੇ ਦਸਿਆ ਕਿ ਪੁਲਿਸ ਵੀਡੀਉ ’ਚ ਦਿਸ ਰਹੀ ਕੁੜੀ ਨੂੰ ਗ੍ਰਿਫ਼ਤਾਰ ਕਰਨ ਗਈ ਸੀ, ਪਰ ਕੁੜੀ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜੇਕਰ ਕੁੜੀ ਦੇ ਪ੍ਰਵਾਰ ਵਾਲਿਆਂ ਨੇ ਮੀਡੀਆ ’ਚ ਪੀੜਤ ਬਾਰੇ ਕੋਈ ਬਿਆਨ ਦੇ ਦਿਤਾ ਤਾਂ ਉਹ ਫੱਸ ਜਾਵੇਗਾ ਅਤੇ ਉਸ ਨੂੰ ਜੇਲ੍ਹ ਜਾਣ ਤੋਂ ਕੋਈ ਨਹੀਂ ਰੋਕ ਸਕੇਗਾ। ਇਸ ਤੋਂ ਬਾਅਦ ਪੀੜਤ ਨੇ ਜਾਲਸਾਜ਼ਾਂ ਨੇ ਹੋਰ ਰਕਮ ਦੀ ਮੰਗ ਕੀਤੀ।
ਕੁਲ ਮਿਲਾ ਕੇ ਪੀੜਤ ਨੇ ਨੌਸਰਬਾਜ਼ਾਂ ਨੂੰ ਕਰੀਬ 23 ਲੱਖ ਰੁਪਏ ਦੀ ਰਕਮ ਟਰਾਂਸਫ਼ਰ ਕਰ ਦਿਤੀ। ਥਾਣਾ ਇੰਚਾਰਜ ਨੇ ਦਸਿਆ ਕਿ ਅਣਪਛਾਤੇ ਨੌਸਰਬਾਜ਼ਾਂ ਵਿਰੁਧ ਮਾਮਲਾ ਦਰਜ ਕਰ ਕੇ ਇਸ ਬਾਬਤ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਪੂਰੇ ਮਾਮਲੇ ’ਚ ਮੇਵਾਤ ਗਰੋਹ ਵਲੋਂ ਠੱਗੀ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।