Delhi air pollution update : ਦਿੱਲੀ ’ਚ ਹਵਾ ਪ੍ਰਦੂਸ਼ਣ ਵਧਿਆ, 112 ਦਿਨਾਂ ਬਾਅਦ AQI ਪੁੱਜੀ ‘ਖਰਾਬ’ ਸ਼੍ਰੇਣੀ ’ਚ
Delhi air pollution update : 5 ਜੂਨ ਨੂੰ AQI ਦੇ 248 ਤਕ ਪਹੁੰਚਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰਾਜਧਾਨੀ ’ਚ ਹਵਾ ਦੀ ਕੁਆਲਿਟੀ ‘ਖਰਾਬ’ ਸ਼੍ਰੇਣੀ ’ਚ ਦਰਜ ਕੀਤੀ ਗਈ
Delhi air pollution update : ਨਵੀਂ ਦਿੱਲੀ : ਕੌਮੀ ਰਾਜਧਾਨੀ ’ਚ ਹਵਾ ਦੀ ਕੁਆਲਿਟੀ ’ਚ ਤਿੰਨ ਮਹੀਨੇ ਅਤੇ 19 ਦਿਨਾਂ ਦੇ ਫ਼ਰਕ ਤੋਂ ਬਾਅਦ ਬੁਧਵਾਰ ਨੂੰ ਗਿਰਾਵਟ ਦਰਜ ਕੀਤੀ ਗਈ। ਇਥੇ ਅੱਜ ਹਵਾ ਕੁਆਲਿਟੀ ਸੂਚਕ ਅੰਕ (AQI) 235 ਦਰਜ ਕੀਤਾ ਗਿਆ, ਜੋ ‘ਖਰਾਬ’ ਸ਼੍ਰੇਣੀ ਵਿਚ ਆਉਂਦਾ ਹੈ।
ਅਧਿਕਾਰਤ ਅੰਕੜਿਆਂ ਮੁਤਾਬਕ 5 ਜੂਨ ਨੂੰ AQI ਦੇ 248 ਤਕ ਪਹੁੰਚਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰਾਜਧਾਨੀ ’ਚ ਹਵਾ ਦੀ ਕੁਆਲਿਟੀ ‘ਖਰਾਬ’ ਸ਼੍ਰੇਣੀ ’ਚ ਦਰਜ ਕੀਤੀ ਗਈ ਹੈ। ਦਿੱਲੀ ’ਚ ਹਵਾ ਕੁਆਲਿਟੀ ਪ੍ਰਬੰਧਨ ਲਈ ਫੈਸਲਾ ਸਹਾਇਤਾ ਪ੍ਰਣਾਲੀ ਦੇ ਅਨੁਸਾਰ, ਇਸ ਸਮੇਂ ਗੱਡੀਆਂ ਮੁੱਖ ਤੌਰ ’ਤੇ ਸ਼ਹਿਰ ਦੇ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਮੰਗਲਵਾਰ ਸ਼ਾਮ 4 ਵਜੇ AQI 197 ਦਰਜ ਕੀਤਾ ਗਿਆ।
ਉਸ ਦਿਨ, ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਵਿੰਟਰ ਐਕਸ਼ਨ ਪਲਾਨ ਦਾ ਉਦਘਾਟਨ ਕੀਤਾ, ਜਿਸ ’ਚ ਕੌਮੀ ਰਾਜਧਾਨੀ ’ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਉਦੇਸ਼ ਨਾਲ 21 ਕੇਂਦਰਿਤ ਪਹਿਲਕਦਮੀਆਂ ਸ਼ਾਮਲ ਹਨ। ਇਸ ਯੋਜਨਾ ਦੇ ਮੁੱਖ ਭਾਗਾਂ ’ਚ ਧੂੜ ਵਿਰੋਧੀ ਮੁਹਿੰਮਾਂ, ਸੜਕਾਂ ਦੀ ਸਫਾਈ ਵਧਾਉਣਾ, ਪਾਣੀ ਦਾ ਛਿੜਕਾਅ, ਪ੍ਰਦੂਸ਼ਣ ਘਟਾਉਣ ’ਚ ਉੱਤਮਤਾ ਲਈ ਪੁਰਸਕਾਰ ਅਤੇ ਪਰਾਲੀ ਸਾੜਨ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮਾਂ ਸ਼ਾਮਲ ਹਨ।
ਭਾਰਤੀ ਮੌਸਮ ਵਿਭਾਗ (IMD) ਅਨੁਸਾਰ, ਕੌਮੀ ਰਾਜਧਾਨੀ ’ਚ ਬੁਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 37.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ ਤਿੰਨ ਡਿਗਰੀ ਵੱਧ ਹੈ। ਘੱਟੋ-ਘੱਟ ਤਾਪਮਾਨ 26.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ 2.9 ਡਿਗਰੀ ਵੱਧ ਹੈ, ਜਦਕਿ ਸ਼ਾਮ 5:30 ਵਜੇ ਨਮੀ ਦਾ ਪੱਧਰ 60 ਫੀ ਸਦੀ ਰਿਹਾ।
ਮੌਸਮ ਵਿਭਾਗ ਨੇ ਵੀਰਵਾਰ ਨੂੰ ਹਲਕੇ ਮੀਂਹ ਅਤੇ ਗਰਜ ਨਾਲ ਅਸਮਾਨ ’ਚ ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਵੱਧ ਤੋਂ ਵੱਧ ਅਤੇ ਘੱਟੋ ਘੱਟ ਤਾਪਮਾਨ ਕ੍ਰਮਵਾਰ 34 ਡਿਗਰੀ ਸੈਲਸੀਅਸ ਅਤੇ 25 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿਣ ਦੀ ਸੰਭਾਵਨਾ ਹੈ।