India-China Conflict : ਸਰਹੱਦ ’ਤੇ ਸ਼ਾਂਤੀ ਲਈ ਭਾਰਤ-ਚੀਨ ਸਬੰਧਾਂ ’ਚ ਤਰੱਕੀ ਜ਼ਰੂਰੀ : ਜੈਸ਼ੰਕਰ
ਕਿਹਾ ਹੈ ਕਿ ਭਾਰਤ-ਚੀਨ ਸਬੰਧਾਂ ਦਾ ਪੂਰੀ ਦੁਨੀਆਂ ’ਤੇ ਅਸਰ ਪਵੇਗਾ
India-China Conflict : ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ-ਚੀਨ ਸਬੰਧਾਂ ਦਾ ਪੂਰੀ ਦੁਨੀਆਂ ’ਤੇ ਅਸਰ ਪਵੇਗਾ ਅਤੇ ਇਹ ਸਪੱਸ਼ਟ ਕੀਤਾ ਕਿ ਦੁਵਲੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਸੱਭ ਤੋਂ ਪਹਿਲਾਂ ਸਰਹੱਦ ’ਤੇ ਸ਼ਾਂਤੀ ਬਹਾਲ ਕਰਨ ਦੀ ਜ਼ਰੂਰਤ ਹੈ।
ਏਸ਼ੀਆ ਸੋਸਾਇਟੀ ਅਤੇ ਏਸ਼ੀਆ ਸੋਸਾਇਟੀ ਪਾਲਿਸੀ ਇੰਸਟੀਚਿਊਟ ਵਲੋਂ ਕਰਵਾਏ ਇਕ ਪ੍ਰੋਗਰਾਮ ’ਚ ਜੈਸ਼ੰਕਰ ਨੇ ਕਿਹਾ ਕਿ ਚੀਨ ਦੇ ਨਾਲ ਭਾਰਤ ਦਾ ‘ਮੁਸ਼ਕਲ ਇਤਿਹਾਸ’ ਰਿਹਾ ਹੈ ਅਤੇ ਦੋਹਾਂ ਦੇਸ਼ਾਂ ਦਾ ‘ਸਮਾਨਾਂਤਰ ਵਿਕਾਸ ਬਹੁਤ-ਬਹੁਤ ਵਿਲੱਖਣ ਸਮੱਸਿਆ’ ਪੇਸ਼ ਕਰਦਾ ਹੈ।
ਉਨ੍ਹਾਂ ‘ਭਾਰਤ ਏਸ਼ੀਆ ਅਤੇ ਵਿਸ਼ਵ’ ਦੇ ਵਿਸ਼ੇ ’ਤੇ ਕਰਵਾਏ ਇਕ ਪ੍ਰੋਗਰਾਮ ’ਚ ਕਿਹਾ, ‘‘ਮੈਨੂੰ ਲਗਦਾ ਹੈ ਕਿ ਏਸ਼ੀਆ ਦੇ ਭਵਿੱਖ ਲਈ ਭਾਰਤ-ਚੀਨ ਸਬੰਧ ਮਹੱਤਵਪੂਰਨ ਹਨ। ਇਕ ਤਰ੍ਹਾਂ ਨਾਲ ਤੁਸੀਂ ਕਹਿ ਸਕਦੇ ਹੋ ਕਿ ਜੇਕਰ ਦੁਨੀਆਂ ਨੂੰ ਬਹੁ-ਧਰੁਵੀ ਹੋਣਾ ਹੈ ਤਾਂ ਏਸ਼ੀਆ ਨੂੰ ਬਹੁ-ਧਰੁਵੀ ਹੋਣਾ ਪਵੇਗਾ। ਅਤੇ ਇਸ ਲਈ ਇਸ ਸਬੰਧ ਦਾ ਅਸਰ ਨਾ ਸਿਰਫ ਏਸ਼ੀਆ ਦੇ ਭਵਿੱਖ ’ਤੇ , ਬਲਕਿ ਸ਼ਾਇਦ ਵਿਸ਼ਵ ਦੇ ਭਵਿੱਖ ’ਤੇ ਪੈਣ ਵਾਲਾ ਹੈ।’’
ਉਨ੍ਹਾਂ ਕਿਹਾ, ‘‘ਤੁਹਾਡੇ ਕੋਲ ਦੋ ਦੇਸ਼ ਹਨ ਜੋ ਗੁਆਂਢੀ ਹਨ, ਵਿਲੱਖਣ ਹਨ ਕਿ ਉਹ ਇਕ ਅਰਬ ਤੋਂ ਵੱਧ ਲੋਕਾਂ ਦੇ ਦੇਸ਼ ਵੀ ਹਨ, ਦੋਵੇਂ ਵਿਸ਼ਵ ਵਿਵਸਥਾ ਵਿਚ ਉੱਭਰ ਰਹੇ ਹਨ ਅਤੇ ਉਨ੍ਹਾਂ ਦੀਆਂ ਸਰਹੱਦਾਂ ਅਕਸਰ ਅਸਪਸ਼ਟ ਹੁੰਦੀਆਂ ਹਨ ਅਤੇ ਉਨ੍ਹਾਂ ਦੀ ਸਾਂਝੀ ਸਰਹੱਦ ਵੀ ਹੁੰਦੀ ਹੈ। ਇਸ ਲਈ ਇਹ ਬਹੁਤ ਗੁੰਝਲਦਾਰ ਮੁੱਦਾ ਹੈ। ਮੈਨੂੰ ਲਗਦਾ ਹੈ ਕਿ ਜੇ ਤੁਸੀਂ ਅੱਜ ਦੀ ਗਲੋਬਲ ਰਾਜਨੀਤੀ ਨੂੰ ਵੇਖਦੇ ਹੋ, ਤਾਂ ਭਾਰਤ ਅਤੇ ਚੀਨ ਦਾ ਸਮਾਨਾਂਤਰ ਵਿਕਾਸ ਇਕ ਬਹੁਤ ਹੀ ਵਿਲੱਖਣ ਸਮੱਸਿਆ ਹੈ।’’
ਜੈਸ਼ੰਕਰ ਨੇ ਹਾਲ ਹੀ ’ਚ ਕਿਹਾ ਸੀ ਕਿ ਚੀਨ ਨਾਲ ਫ਼ੌਜੀਆਂ ਦੀ ਵਾਪਸੀ ਦੀਆਂ ਲਗਭਗ 75 ਫੀ ਸਦੀ ਸਮੱਸਿਆਵਾਂ ਦਾ ਹੱਲ ਹੋ ਗਿਆ ਹੈ। ਉਨ੍ਹਾਂ ਦੀਆਂ ਟਿਪਣੀਆਂ ਦਾ ਜ਼ਿਕਰ ਏਸ਼ੀਆ ਸੁਸਾਇਟੀ ’ਚ ਇਕ ਗੱਲਬਾਤ ਦੌਰਾਨ ਕੀਤਾ ਗਿਆ।
ਉਨ੍ਹਾਂ ਕਿਹਾ, ‘‘ਜਦੋਂ ਮੈਂ ਕਹਿੰਦਾ ਹਾਂ ਕਿ 75 ਫੀ ਸਦੀ ਸਮੱਸਿਆਵਾਂ ਦਾ ਹੱਲ ਹੋ ਗਿਆ ਹੈ ਤਾਂ ਇਹ ਸਿਰਫ ਫ਼ੌਜੀਆਂ ਦੇ ਪਿੱਛੇ ਹਟਣ ਬਾਰੇ ਹੈ। ਇਸ ਲਈ ਇਹ ਸਮੱਸਿਆ ਦਾ ਹਿੱਸਾ ਹੈ। ਹੁਣ ਮੁੱਖ ਮੁੱਦਾ ਗਸ਼ਤ ਦਾ ਹੈ। ਤੁਸੀਂ ਜਾਣਦੇ ਹੋ ਕਿ ਅਸੀਂ ਦੋਵੇਂ ਅਸਲ ਕੰਟਰੋਲ ਰੇਖਾ ’ਤੇ ਕਿਵੇਂ ਗਸ਼ਤ ਕਰਦੇ ਹਾਂ।’’
ਜੈਸ਼ੰਕਰ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਅਤੇ ਨਿਊਯਾਰਕ ਵਿਚ ਅਪਣੇ ਗਲੋਬਲ ਹਮਰੁਤਬਾ ਨਾਲ ਕਈ ਦੁਵਲੀਆਂ ਬੈਠਕਾਂ ਕੀਤੀਆਂ। ਉਹ ਸਨਿਚਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 79ਵੇਂ ਸੈਸ਼ਨ ਦੀ ਆਮ ਬਹਿਸ ’ਚ ਹਿੱਸਾ ਲੈਣਗੇ।