Jammu Kashmir Second Phase Election Voting : ਦੂਜੇ ਪੜਾਅ ’ਚ 56.05 ਫੀਸਦੀ ਵੋਟਿੰਗ , ਸ੍ਰੀਨਗਰ ਸਭ ਤੋਂ ਪਿੱਛੇ ਰਿਹਾ
ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿਤੀ
Jammu Kashmir Second Phase Election Voting : ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ’ਚ 56.05 ਫ਼ੀ ਸਦੀ ਵੋਟਿੰਗ ਹੋਈ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿਤੀ। ਪੋਲਿੰਗ ਸਟੇਸ਼ਨਾਂ ’ਤੇ ਸਖਤ ਸੁਰੱਖਿਆ ਦਰਮਿਆਨ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਈ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਜੰਮੂ ਖੇਤਰ ’ਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਸੀਟ ’ਤੇ ਸੱਭ ਤੋਂ ਵੱਧ 75.29 ਫੀ ਸਦੀ, ਪੁੰਛ-ਹਵੇਲੀ ’ਚ 72.71 ਫੀ ਸਦੀ, ਗੁਲਾਬਗੜ੍ਹ (ਰਾਖਵੀਂ) ’ਚ 72.19 ਫੀਸਦੀ ਅਤੇ ਸੁਰਨਕੋਟ ’ਚ 72.18 ਫੀ ਸਦੀ ਵੋਟਿੰਗ ਹੋਈ। ਕਸ਼ਮੀਰ ਘਾਟੀ ਦੇ 15 ਵਿਧਾਨ ਸਭਾ ਹਲਕਿਆਂ ’ਚੋਂ ਖਾਨਸਾਹਿਬ ਸੀਟ ’ਤੇ 67.70 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ।
ਇਸ ਤੋਂ ਬਾਅਦ ਕੰਗਨ (ਰਾਖਵਾਂ) 67.60 ਫੀ ਸਦੀ ਅਤੇ ਚਰਾਰ-ਏ-ਸ਼ਰੀਫ 66 ਫੀ ਸਦੀ ਨਾਲ ਦੂਜੇ ਨੰਬਰ ’ਤੇ ਹੈ। ਹੱਬਾਕਦਲ ਹਲਕੇ ’ਚ ਸ਼ਾਮ 5 ਵਜੇ ਤਕ ਸੱਭ ਤੋਂ ਘੱਟ 15.80 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ। ਜੰਮੂ-ਕਸ਼ਮੀਰ ’ਚ ਤਿੰਨ ਪੜਾਵਾਂ ’ਚ ਚੋਣਾਂ ਹੋ ਰਹੀਆਂ ਹਨ। ਪਹਿਲੇ ਪੜਾਅ ’ਚ 24 ਸੀਟਾਂ ਲਈ 18 ਸਤੰਬਰ ਨੂੰ ਵੋਟਿੰਗ ਹੋਈ ਸੀ, ਜਦਕਿ ਦੂਜੇ ਪੜਾਅ ’ਚ ਬੁਧਵਾਰ ਨੂੰ 26 ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਤੀਜੇ ਪੜਾਅ ਦੀ ਵੋਟਿੰਗ 1 ਅਕਤੂਬਰ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ।
ਜੰਮੂ-ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਪੀਕੇ ਪੋਲ ਨੇ ਇਥੇ ਇਕ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਫ਼ੀ ਸਦੀ ਵਧਣ ਦਾ ਅਨੁਮਾਨ ਹੈ ਕਿਉਂਕਿ ਹਜ਼ਰਤਬਲ ਅਤੇ ਰਿਆਸੀ ਵਰਗੀਆਂ ਕੁੱਝ ਥਾਵਾਂ ’ਤੇ ਵੋਟਿੰਗ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਕੁਲ ਮਿਲਾ ਕੇ ਵੋਟਿੰਗ ਸ਼ਾਂਤੀਪੂਰਨ ਰਹੀ। ਬਹਿਸ ਵਰਗੀਆਂ ਕੁੱਝ ਛੋਟੀਆਂ-ਮੋਟੀਆਂ ਘਟਨਾਵਾਂ ਹੋਈਆਂ ਪਰ ਕਿਤੇ ਵੀ ਮੁੜ ਵੋਟਿੰਗ ਦੀ ਜ਼ਰੂਰਤ ਨਹੀਂ ਹੈ।