73 ਸਾਲਾ ਸਿੱਖ ਬਜ਼ੁਰਗ ਹਰਜੀਤ ਕੌਰ ਨੂੰ ਅਮਰੀਕਾ ਨੇ ਭਾਰਤ ਭੇਜਿਆ ਵਾਪਸ
ਭਾਰਤ ਭੇਜੇ ਜਾਣ ਸਮੇਂ ਹਰਜੀਤ ਕੌਰ ਨੂੰ ਕਰਨਾ ਪਿਆ ਦੁਰਵਿਵਹਾਰ ਦਾ ਸਾਹਮਣਾ, ਆਈਸੀਈ ਵੱਲੋਂ ਕੀਤਾ ਗਿਆ ਸੀ ਗ੍ਰਿਫ਼ਤਾਰ
Harjit Kaur America News : ਅਮਰੀਕਾ ਦੀ ਗੈਰਕਾਨੂੰਨੀ ਪਰਵਾਸੀਆਂ ਵਿਰੁੱਧ ਮੁਹਿੰਮ ਚਲਾ ਰਹੀ ਸੰਸਥਾ ਆਈ.ਸੀ.ਈ. ਵੱਲੋਂ ਸਿੱਖ ਬਜ਼ੁਰਗ ਹਰਜੀਤ ਕੌਰ ਨੂੰ ਕੈਲੀਫੋਰਨੀਆ ਤੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ। ਹਰਜੀਤ ਕੌਰ ਨੂੰ ਆਈ.ਸੀ.ਈ. ਵੱਲੋਂ ਲੰਘੀ 8 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 73 ਸਾਲਾ ਹਰਜੀਤ ਕੌਰ 1992 ਤੋਂ ਕੈਲੀਫੋਰਨੀਆ ਵਿਚ ਰਹਿ ਰਹੀ ਸੀ ਜਦਕਿ ਭਾਰਤ ਵਾਪਸ ਭੇਜੇ ਜਾਣ ਸਮੇਂ ਉਸ ਨੂੰ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਸਿੱਖ ਭਾਈਚਾਰਾ ਕਾਫ਼ੀ ਗੁੱਸੇ ਵਿਚ ਹੈ।
ਹਰਜੀਤ ਕੌਰ ਇੱਕ 73 ਸਾਲਾ ਦਾਦੀ ਹੈ ਜੋ ਪਿਛਲੇ 13 ਸਾਲਾਂ ਤੋਂ ਹਰਕੂਲਸ ਕੈਲੀਫੋਰਨੀਆ ਵਿੱਚ ਆਪਣੇ ਆਈ. ਸੀ. ਈ. ਚੈੱਕ-ਇਨ ਵਿੱਚ ਸ਼ਾਮਲ ਹੋ ਰਹੀ ਸੀ। 8 ਸਤੰਬਰ ਨੂੰ ਉਸ ਨੂੰ ਅਚਾਨਕ ਉਨ੍ਹਾਂ ਚੈੱਕ-ਇਨ ’ਚੋਂ ਹਿਰਾਸਤ ਵਿੱਚ ਲੈ ਲਿਆ ਗਿਆ। 19 ਸਤੰਬਰ ਨੂੰ ਹਰਜੀਤ ਕੌਰ ਨੂੰ ਕੈਲੀਫੋਰਨੀਆ ਦੇ ਬੇਕਰਸਫੀਲਡ ਵਿੱਚ ਇੱਕ ਆਈ.ਸੀ. ਈ. ਨਜ਼ਰਬੰਦੀ ਕੇਂਦਰ ਤੋਂ ਉਸ ਨੂੰ ਇੱਕ ਚਾਰਟਰ ਫਲਾਈਟ ਰਾਹੀਂ ਵਾਪਸ ਭਾਰਤ ਭੇਜਿਆ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 73 ਸਾਲਾ ਹਰਜੀਤ ਕੌਰ ਦੇ ਪਰਿਵਾਰ ਨੂੰ ਇਸ ਕਰਾਸ ਕੰਟਰੀ ਟਰਾਂਸਫਰ ਬਾਰੇ ਸੂਚਿਤ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਨੂੰ ਆਪਣੇ ਪਰਿਵਾਰ ਨੂੰ ਅਲਵਿਦਾ ਕਹਿਣ ਦੀ ਆਗਿਆ ਨਹੀਂ ਦਿੱਤੀ ਗਈ।
ਜਾਣਕਾਰੀ ਅਨੁਸਾਰ ਆਈ.ਸੀ.ਈ. ਵੱਲੋਂ ਹਰਜੀਤ ਕੌਰ ਨਾਲ ਅਣਮਨੁੱਖੀ ਅਤੇ ਅਸਵੀਕਾਰਨਯੋਗ ਸਲੂਕ ਕੀਤਾ ਗਿਆ। ਹਰਜੀਤ ਕੌਰ ਨੂੰ ਕਈ ਘੰਟਿਆਂ ਤੱਕ ਸੈਲ ਵਿਚ ਕੁਰਸੀ ਅਤੇ ਬਿਸਤਰੇ ਤੋਂ ਬਿਨਾ ਹੀ ਰੱਖਿਆ ਗਿਆ ਅਤੇ ਉਸ ਨੂੰ ਫਰਸ਼ ’ਤੇ ਸੌਣ ਲਈ ਮਜਬੂਰ ਕੀਤਾ ਗਿਆ ਅਤੇ ਉਸ ਨੂੰ ਬੇੜੀਆਂ ਨਾਲ ਬੰਨ੍ਹ ਦਿੱਤਾ ਗਿਆ ਸੀ।
ਹਰਜੀਤ ਕੌਰ ਨੂੰ ਧਾਰਮਿਕ ਵਿਸ਼ਵਾਸਾਂ ਅਨੁਸਾਰ ਉੁਸ ਨੂੰ ਸ਼ਾਕਾਹਾਰੀ ਭੋਜਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਜਦਕਿ ਉਸ ਨੂੰ ਆਪਣੀ ਦਵਾਈ ਲੈਣ ਤੋਂ ਪਹਿਲਾਂ ਭੋਜਨ ਵਜੋਂ ਸਿਰਫ਼ ਇਕ ਸੇਬ ਦੀ ਪੇਸ਼ਕਸ਼ ਕੀਤੀ ਗਈ ਜਦਕਿ ਦੰਦਾਂ ਦੀਆਂ ਸਮੱਸਿਆ ਕਾਰਨ ਹਰਜੀਤ ਕੌਰ ਇਨ੍ਹਾਂ ਚੀਜ਼ਾਂ ਨੂੰ ਖਾ ਨਹੀਂ ਸਕਦੀ ਸੀ। ਆਈ. ਸੀ. ਈ. ਨੇ ਉਸ ਨੂੰ ਆਪਣੀ ਨਜ਼ਰਬੰਦੀ ਦੌਰਾਨ ਨਹਾਉਣ ਤੋਂ ਵੀ ਵਰਜਿਆ ਗਿਆ।
ਇਸ ਸਾਰੀ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਸਿੱਖ ਭਾਈਚਾਰੇ ਵੱਲੋਂ ਆਈ.ਸੀ.ਈ. ਨੇ ਇਕ 73 ਸਾਲਾ ਸਿੱਖ ਬਜ਼ੁਰਗ ਔਰਤ ਨੂੰ ਇਹ ਸਭ ਕੁੱਝ ਸਹਿਣ ਲਈ ਮਜਬੂਰ ਕੀਤਾ ਗਿਆ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਦੇ ਵਿਰੁੱਧ ਖੜ੍ਹੇ ਹੋਈਏ ਅਤੇ ਆਈ.ਸੀ.ਈ.ਦੀ ਹਿਰਾਸਤ ਵਿਚ ਕਮਜ਼ੋਰ ਲੋਕਾਂ ’ਤੇ ਹੋਣ ਵਾਲੇ ਅਨਿਆਂ ਖਿਲਾਫ਼ ਇਕਜੁੱਟ ਹੋਈਏ ਅਤੇ ਤੋਂ ਆਈ.ਸੀ. ਈ. ਵੱਲੋਂ ਮੁੜ ਤੋਂ ਕਿਸੇ ਬਜ਼ੁਰਗ ਨਾਲ ਇਸ ਤਰ੍ਹਾਂ ਸਲੂਕ ਨਾ ਕੀਤਾ ਜਾ ਸਕੇ।
ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਕੌਰ 30 ਸਾਲਾਂ ਤੋਂ ਵੱਧ ਸਮੇਂ ਤੋਂ ਕੈਲੀਫੋਰਨੀਆ ਦੀ ਈਸਟ ਬੇਅ ਇਲਾਕੇ ’ਚ ਰਹਿ ਰਹੀ ਹੈ, ਉਨ੍ਹਾਂ ਦਾ ਕੋਈ ਅਪਰਾਧਕ ਰੀਕਾਰਡ ਨਹੀਂ ਹੈ ਅਤੇ ਉਹ ਸਥਾਨਕ ਤੌਰ ਉਤੇ ਬਰਕਲੇ ਦੇ ਸਾੜੀ ਪੈਲੇਸ ’ਚ ਲੰਮੇ ਸਮੇਂ ਤੋਂ ਸਿਲਾਈ ਲਈ ਜਾਣੀ ਜਾਂਦੀ ਸੀ। ਬਹੁਤ ਸਾਰੇ ਸਾਬਕਾ ਗਾਹਕ ਉਸ ਨੂੰ ‘ਦਾਦੀ’ ਕਹਿੰਦੇ ਸਨ। ਉਸ ਦੀ ਪੋਤੀ, ਸੁਖਦੀਪ ਕੌਰ ਨੇ ਇਕ ਰੈਲੀ ਦੌਰਾਨ ਕਿਹਾ, ‘‘ਉਹ ਅਪਰਾਧੀ ਨਹੀਂ ਹੈ। ਉਹ ਸਿਰਫ ਮੇਰੀ ਦਾਦੀ ਹੀ ਨਹੀਂ ਬਲਕਿ ਹਰ ਕਿਸੇ ਦੀ ਦਾਦੀ ਹੈ।’’ ਬੀਤੇ ਸ਼ੁਕਰਵਾਰ ਨੂੰ, ਲਗਭਗ 200 ਸਮਰਥਕ ਅਲ ਸੋਬਰਾਂਟੇ ਸਿੱਖ ਗੁਰਦੁਆਰੇ ਵਿਚ ਇਕੱਠੇ ਹੋਏ ਅਤੇ ਹਰਜੀਤ ਕੌਰ ਦੀ ਰਿਹਾਈ ਲਈ ਪ੍ਰਦਰਸ਼ਨ ਕੀਤਾ ਗਿਆ ਸੀ।