ਆਂਧਰਾ ਪ੍ਰਦੇਸ਼ : ਵਾਈਐਸਆਰ ਕਾਂਗਰਸ ਚੀਫ ਜਗਮੋਹਨ ਰੈਡੀ 'ਤੇ ਹਮਲਾ
ਵਾਈਐਸਆਰ ਕਾਂਗਰਸ ਦੇ ਪ੍ਰਮੁਖ ਵਾਈ ਐਸ ਜਗਮੋਹਨ ਰੈਡੀ ਉਸ ਵੇਲੇ ਜ਼ਖਮੀ ਹੋ ਗਏ ਜਦ ਸਥਾਨਕ ਹਵਾਈ ਅੱਡੇ ਤੇ ਇਕ ਸ਼ਖ਼ਸ ਨੇ ਧਾਰਦਾਰ ਚੀਜ਼ ਨਾਲ ਉਨ੍ਹਾਂ ਤੇ ਹਮਲਾ ਕੀਤਾ।
ਵਿਸ਼ਾਖਾਪਟਨਮ ( ਭਾਸ਼ਾ) : ਵਾਈਐਸਆਰ ਕਾਂਗਰਸ ਦੇ ਪ੍ਰਮੁਖ ਵਾਈ ਐਸ ਜਗਮੋਹਨ ਰੈਡੀ ਉਸ ਵੇਲੇ ਜ਼ਖਮੀ ਹੋ ਗਏ ਜਦ ਸਥਾਨਕ ਹਵਾਈ ਅੱਡੇ ਤੇ ਇਕ ਸ਼ਖ਼ਸ ਨੇ ਧਾਰਦਾਰ ਚੀਜ਼ ਨਾਲ ਉਨ੍ਹਾਂ ਤੇ ਹਮਲਾ ਕੀਤਾ। ਅਧਿਕਾਰਕ ਸੂਤਰਾਂ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਗਮੋਹਨ ਰੇਡੀ ਦੇ ਮੋਢੇ ਵਿਚ ਮਾਮੂਲੀ ਜ਼ਖਮ ਹੋਇਆ ਹੈ ਅਤੇ ਹੁਣ ਉਹ ਠੀਕ ਹਨ। ਮੁਢਲੀ ਜਾਣਕਾਰੀ ਤੋਂ ਪਤਾ ਲਗਾ ਕਿ ਹਮਲਾਵਰ ਹਵਾਈ ਅੱਡੇ ਦੀ ਕੰਟੀਨ ਵਿਚ ਕੰਮ ਕਰਦਾ ਹੈ। ਹਾਲਾਂਕਿ ਅਧਿਕਾਰਕ ਤੌਰ ਤੇ ਇਸਦੀ ਪੁਸ਼ਟੀ ਨਹੀਂ ਹੋਈ ਹੈ।
ਦੋਸ਼ੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਜਗਮੋਹਨ ਰੈਡੀ ਤੇ ਹੋਏ ਇਸ ਹਮਲੇ ਦੀ ਆਲੋਚਨਾ ਕੀਤੀ ਜਾ ਰਹੀ ਹੈ। ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਇਸ ਘਟਨਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਗਮੋਹਨ ਰੈਡੀ ਤੇ ਹਮਲਾ ਹੈਰਾਨ ਕਰ ਦੇਣ ਵਾਲਾ ਹੈ। ਸੀਆਈਐਸਐਫ ਸਮੇਤ ਸਾਰੀਆਂ ਏਜੰਸੀਆਂ ਨੂੰ ਕਿਹਾ ਗਿਆ ਹੈ ਕਿ ਉਹ ਇਸਦੀ ਜਾਂਚ ਕਰਨ। ਮੈਂ ਇਸ ਕਾਇਰਾਨਾ ਹਮਲੇ ਦੀ ਨਿੰਦਾ ਕਰਦਾ ਹਾਂ ਅਤੇ ਦੋਸ਼ੀਆਂ ਨੂੰ ਸਜਾ ਦਿਤੀ ਜਾਵੇਗੀ।
ਦੂਜੇ ਪਾਸੇ ਇਸ ਘਟਨਾ ਤੇ ਆਂਧਰਾ ਦੇ ਗ੍ਰਹਿ ਮੰਤਰੀ ਐਨਸੀ ਰਾਜਪਾ ਨੇ ਕਿਹਾ ਕਿ ਵਿਪੱਖੀ ਨੇਤਾ ਜਗਮੋਹਨ ਰੈਡੀ ਤੇ ਅੱਜ ਵਿਸ਼ਾਖਾਪਟਨਨ ਏਅਰਪੋਰਟ ਤੇ ਹਮਲਾ ਕੀਤਾ ਗਿਆ ਹੈ। ਹਮਲਾਵਰ ਦੀ ਪਛਾਣ ਏਅਰਪੋਰਟ ਕਰਮਚਾਰੀ ਦੇ ਤੌਰ ਤੇ ਹੋਈ ਹੈ। ਉਸਨੇ ਰੈਡੀ ਦੇ ਨਾਲ ਪਹਿਲਾਂ ਸੈਲਫੀ ਲੈਣ ਦੀ ਬੇਨਤੀ ਕੀਤੀ ਅਤੇ ਉਸ ਤੋਂ ਬਾਅਦ ਹਮਲਾ ਕਰ ਦਿਤਾ। ਦੋਸ਼ੀ ਸ਼ਖਸ ਨੂੰ ਹਿਰਾਸਤ ਵਿਚ ਲੈ ਕੇ ਪੁਛਗਿਛ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਤੇਲਗਾਂਨਾ ਵਿਚ ਵਿਧਾਨਸਭਾ ਚੋਣਾਂ ਦੀ ਤਰੀਕ ਦਾ ਐਲਾਨ ਹੋ ਚੁੱਕਾ ਹੈ। ਪਿਤਾ ਵਾਈਐਸ ਰਾਜੇਸ਼ਵਰ ਰੈਡੀ ਦੇ ਦਿਹਾਂਤ ਤੋਂ ਬਾਅਦ ਜਗਮੋਹਨ ਕਾਂਗਰਸ ਤੋਂ ਵੱਖ ਹੋ ਕੇ ਪਾਰਟੀ ਦੀ ਜਿਮ੍ਹੇਵਾਰੀ ਸੰਭਾਲ ਰਹੇ ਹਨ। ਵਾਈਐਸਆਰ ਕਾਂਗਰਸ ਮੁਖ ਤੌਰ ਤੇ ਆਂਧਰਾ ਪ੍ਰਦੇਸ਼ ਦੀ ਪਾਰਟੀ ਮੰਨੀ ਜਾਂਦੀ ਹੈ। 2014 ਦੀਆਂ ਚੋਣਾਂ ਵਿਚ ਪਾਰਟੀ ਨੇ ਆਂਧਰਾ ਪ੍ਰਦੇਸ਼ ਦੀਆਂ 175 ਸੀਟਾਂ ਵਿਚੋਂ 67 ਤੇ ਜਿੱਤ ਹਾਸਲ ਕੀਤੀ ਸੀ ਪਰ ਤੇਲਗਾਂਨਾ ਵਿਚ ਪਾਰਟੀ ਦੀ ਹਾਲਤ ਕਮਜ਼ੋਰ ਹੈ। ਤੇਲਗਾਂਨਾ ਦੀਆਂ ਪਿਛਲੀਆਂ ਵਿਧਾਨਸਭਾ ਚੌਣਾਂ ਵਿਚ ਵਾਈਐਸਆਰ ਕਾਂਗਰਸ ਨੂੰ ਸੱਭ ਤੋਂ ਘੱਟ ਤਿੰਨ ਸੀਟਾਂ ਹੀ ਮਿਲਿਆਂ ਸਨ।