ਗੋਪਾਲ ਕਾਂਡਾ ਦਾ ਚੋਣ ਜਿੱਤਣਾ ਉਸ ਨੂੰ ਅਪਰਾਧਾਂ ਤੋਂ ਬਰੀ ਨਹੀਂ ਕਰਦਾ : ਉਮਾ ਭਾਰਤੀ
ਏਅਰ ਹੋਸਟੇਜ਼ ਗੀਤਿਕਾ ਸ਼ਰਮਾ ਖ਼ੁਦਕੁਸ਼ੀ ਮਾਮਲੇ 'ਚ ਗੋਪਾਲ ਕਾਂਡਾ ਨੂੰ ਜਾਣਾ ਪਿਆ ਸੀ ਜੇਲ
ਨਵੀਂ ਦਿੱਲੀ : ਹਰਿਆਣਾ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ 90 'ਚੋਂ 40 ਸੀਟਾਂ ਮਿਲੀਆਂ ਹਨ। ਉਹ ਬਹੁਮਤ ਦੇ ਅੰਕੜੇ ਤੋਂ ਸਿਰਫ਼ 6 ਸੀਟਾਂ ਦੂਰ ਹਨ। ਇਸ ਵਿਚਕਾਰ ਗੋਪਾਲ ਕਾਂਡਾ ਦੀ ਹਰਿਆਣਾ ਲੋਕਹਿਤ ਪਾਰਟੀ (ਐਚ.ਐਲ.ਪੀ.) ਨੇ ਬਗੈਰ ਸ਼ਰਤ ਭਾਜਪਾ ਨੂੰ ਸਮਰਥਨ ਦੇਣ ਦੀ ਗੱਲ ਕਹੀ ਹੈ। ਇਸ ਦੇ ਲਈ ਅੱਜ ਉਨ੍ਹਾਂ ਨੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਦਿੱਲੀ 'ਚ ਬੈਠਕ ਕੀਤੀ ਹੈ। ਸਿਰਸਾ ਵਿਧਾਨ ਸਭਾ ਸੀਟ ਤੋਂ ਗੋਪਾਲ ਕਾਂਡਾ ਨੇ ਆਪਣੇ ਵਿਰੋਧੀ ਉਮੀਦਵਾਰ ਗੋਕੁਲ ਸੇਤੀਆ ਨੂੰ ਸਿਰਫ਼ 602 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਬਾਰੇ ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਉਮਾ ਭਾਰਤੀ ਦਾ ਬਿਆਨ ਸਾਹਮਣੇ ਆਇਆ ਹੈ।
ਉਮਾ ਭਾਰਤੀ ਨੇ ਟਵੀਟ ਕੀਤਾ, "ਮੈਨੂੰ ਜਾਣਕਾਰੀ ਮਿਲੀ ਹੈ ਕਿ ਗੋਪਾਲ ਕਾਂਡਾ ਨਾਂ ਦੇ ਇਕ ਆਜ਼ਾਦ ਵਿਧਾਇਕ ਦਾ ਸਮਰਥਨ ਵੀ ਸਾਨੂੰ ਮਿਲ ਸਕਦਾ ਹੈ। ਇਸ ਬਾਰੇ ਮੈਂ ਕੁਝ ਕਹਿਣਾ ਚਾਹੁੰਦੀ ਹਾਂ। ਜੇ ਗੋਪਾਲ ਕਾਂਡਾ ਉਹੀ ਵਿਅਕਤੀ ਹੈ, ਜਿਸ ਕਰ ਕੇ ਇਕ ਲੜਕੀ ਨੇ ਖ਼ੁਦਕੁਸ਼ੀ ਕੀਤੀ ਸੀ ਅਤੇ ਉਸ ਦੀ ਮਾਂ ਨੇ ਵੀ ਨਿਆਂ ਨਾ ਮਿਲਣ 'ਤੇ ਖੁਦਕੁਸ਼ੀ ਕਰ ਲਈ ਸੀ। ਮਾਮਲਾ ਹਾਲੇ ਅਦਾਲਤ 'ਚ ਵਿਚਾਰ ਅਧੀਨ ਹੈ ਅਤੇ ਇਹ ਵਿਅਕਤੀ ਜ਼ਮਾਨਤ 'ਤੇ ਬਾਹਰ ਹੈ।"
ਉਮਾ ਨੇ ਟਵੀਟ 'ਚ ਲਿਖਿਆ, "ਗੋਪਾਲ ਕਾਂਡਾ ਬੇਕਸੂਰ ਹੈ ਜਾਂ ਅਪਰਾਧੀ, ਇਹ ਤਾਂ ਕਾਨੂੰਨ ਸਬੂਤਾਂ ਦੇ ਆਧਾਰ 'ਤੇ ਤੈਅ ਕਰੇਗਾ ਪਰ ਉਸ ਦਾ ਚੋਣ ਜਿੱਤਣਾ ਉਸ ਨੂੰ ਅਪਰਾਧਾਂ ਤੋਂ ਬਰੀ ਨਹੀਂ ਕਰਦਾ। ਚੋਣ ਜਿੱਤਣ ਦੇ ਬਹੁਤ ਸਾਰੇ ਫੈਕਟਰ ਹੁੰਦੇ ਹਨ। ਮੈਂ ਭਾਜਪਾ ਨੂੰ ਅਪੀਲ ਕਰਾਂਗੀ ਕਿ ਅਸੀ ਆਪਣੇ ਅਸੂਲਾਂ ਨੂੰ ਨਾ ਭੁੱਲੀਏ। ਸਾਡੇ ਕੋਲ ਤਾਂ ਨਰਿੰਦਰ ਮੋਦੀ ਜਿਹੀ ਸ਼ਕਤੀ ਮੌਜੂਦ ਹੈ ਅਤੇ ਦੇਸ਼ ਕੀ ਪੂਰੀ ਦੁਨੀਆ ਦੀ ਜਨਤਾ ਮੋਦੀ ਜੀ ਦੇ ਨਾਲ ਹੈ।"
ਉਮਾ ਨੇ ਟਵੀਟ 'ਚ ਲਿਖਿਆ, "ਹਰਿਆਣਾ 'ਚ ਸਾਡੀ ਸਰਕਾਰ ਜਰੂਰ ਬਣੇ ਪਰ ਇਹ ਤੈਅ ਕੀਤਾ ਜਾਵੇ ਕਿ ਜਿਵੇਂ ਭਾਜਪਾ ਦੇ ਕਾਰਕੁਨ ਸਾਫ਼-ਸੁਥਰੀ ਜ਼ਿੰਦਗੀ ਦੇ ਹੁੰਦੇ ਹਨ, ਉਂਜ ਸਾਡੇ ਨਾਲ ਵੀ ਅਜਿਹੇ ਲੋਕ ਹੋਣ।"
ਕੀ ਹੈ ਗੋਪਾਲ ਕਾਂਡਾ ਨਾਲ ਜੁੜਿਆ ਵਿਵਾਦ :
5 ਅਗਸਤ 2012 ਨੂੰ ਗੋਪਾਲ ਕਾਂਡਾ ਦੀ ਏਅਰਲਾਈਨਜ਼ ਕੰਪਨੀ 'ਚ ਕੰਮ ਕਰਨ ਵਾਲੀ ਏਅਰ ਹੋਸਟੇਜ਼ ਗੀਤਿਕਾ ਸ਼ਰਮਾ ਨੇ ਖ਼ੁਦਕੁਸ਼ੀ ਕਰ ਲਈ ਸੀ। ਉਸ ਨੇ ਆਪਣੇ ਖ਼ੁਦਕੁਸ਼ੀ ਪੱਤਰ 'ਚ ਲਿਖਿਆ ਸੀ ਕਿ ਉਹ ਗੋਪਾਲ ਕਾਂਡਾ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਜਾਨ ਦੇ ਰਹੀ ਹੈ। ਮੌਤ ਨੂੰ ਗਲੇ ਲਗਾਉਣ ਤੋਂ ਪਹਿਲਾਂ ਗੀਤਿਕਾ ਨੇ ਆਪਣੇ ਖ਼ੁਦਕੁਸ਼ੀ ਪੱਤਰ 'ਚ ਗੋਪਾਲ ਕਾਂਡਾ ਅਤੇ ਉਸ ਦੇ ਸਾਥੀ ਅਰੁਣਾ ਚੱਡਾ 'ਤੇ ਵੀ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ।