ਲਖਬੀਰ ਕਤਲ ਕੇਸ ਦੀ ਜਾਂਚ ਮੁਕੰਮਲ : ਚਾਰਾਂ ਨਿਹੰਗ ਸਿੰਘਾਂ ਨੂੰ 14 ਦਿਨਾਂ ਲਈ ਭੇਜਿਆ ਜੇਲ੍ਹ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁਝ ਧਾਰਾਵਾਂ ਜਿਵੇਂ ਕਿ ਆਰਮਜ਼ ਐਕਟ, ਐਸਸੀ / ਐਸਟੀ ਐਕਟ ਆਦਿ ਨੂੰ ਹਟਾ ਦਿਤਾ ਗਿਆ

Nihang Singh

ਸੋਨੀਪਤ : ਸਿੰਘੂ ਬਾਰਡਰ 'ਤੇ ਇਕ ਨੌਜਵਾਨ ਦੇ ਕਤਲ  ਮਾਮਲੇ 'ਚ ਆਤਮ ਸਮਰਪਣ ਕਰਨ ਵਾਲੇ ਨਿਹੰਗ ਸਿੰਘਾਂ ਤੋਂ ਪੁਲਿਸ ਨੇ ਪੁੱਛਗਿੱਛ ਪੂਰੀ ਕਰ ਲਈ ਹੈ। ਪੁਲਿਸ ਨੇ ਚਾਰਾਂ ਨਿਹੰਗ ਸਿੰਘਾਂ ਨੂੰ ਸੋਮਵਾਰ ਦੁਪਹਿਰ 2.40 ਵਜੇ ਸੋਨੀਪਤ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਕਰੀਬ ਡੇਢ ਘੰਟੇ ਤਕ ਚੱਲੀ ਸੁਣਵਾਈ ਤੋਂ ਬਾਅਦ ਚਾਰਾਂ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿਤਾ ਗਿਆ।

ਦੱਸ ਦਈਏ ਕਿ ਅੱਜ ਇਨ੍ਹਾਂ ਚਾਰੇ ਨਿਹੰਗ ਸਿੰਘਾਂ ਨੂੰ 8 ਨੰਬਰ ਅਦਾਲਤ ਵਿਚ ਜੱਜ ਅਰਵਿੰਦ ਦੇ ਸਾਹਮਣੇ ਪੇਸ਼ ਕੀਤਾ ਗਿਆ। ਪੇਸ਼ੀ ਤੋਂ ਬਾਅਦ ਬਾਹਰ ਆਏ ਨਿਹੰਗ ਸਿੰਘਾਂ ਦੇ ਵਕੀਲ ਭਗਵੰਤ ਸਿੰਘ ਸਿਆਲ ਮੁਤਾਬਕ ਪੁਲਿਸ ਨੇ ਅਦਾਲਤ ਨੂੰ ਆਪਣੀ ਜਾਂਚ ਪੂਰੀ ਕਰਨ ਲਈ ਕਿਹਾ ਹੈ।

ਅਗਲੀ ਪੇਸ਼ੀ 8 ਨਵੰਬਰ ਨੂੰ ਹੋਵੇਗੀ।ਅਦਾਲਤ 'ਚ ਚਾਰਾਂ ਦੋਸ਼ੀਆਂ 'ਤੇ ਲਗਾਈਆਂ ਗਈਆਂ ਧਾਰਾਵਾਂ 'ਤੇ ਵੀ ਬਹਿਸ ਹੋਈ। ਇਸ ਤੋਂ ਬਾਅਦ ਪੁਲਿਸ ਵਲੋਂ ਲਗਾਈਆਂ ਗਈਆਂ ਕੁਝ ਧਾਰਾਵਾਂ ਜਿਵੇਂ ਕਿ ਆਰਮਜ਼ ਐਕਟ, ਐਸਸੀ / ਐਸਟੀ ਐਕਟ ਆਦਿ ਨੂੰ ਹਟਾ ਦਿਤਾ ਗਿਆ। ਸਿਆਲ ਨੇ ਦਾਅਵਾ ਕੀਤਾ ਕਿ ਐਸਸੀ/ਐਸਟੀ ਐਕਟ ਇਸ ਮਾਮਲੇ ਵਿਚ ਲਾਗੂ ਨਹੀਂ ਹੁੰਦਾ. ਅਸਲਾ ਐਕਟ ਨੂੰ ਹਟਾਉਣ ਦਾ ਕਾਰਨ ਇਸ ਦਾ ਨੋਟੀਫਿਕੇਸ਼ਨ ਨਹੀਂ ਹੋਵੇਗਾ। ਚਾਰਾਂ ਦੋਸ਼ੀਆਂ ਦੀ ਅਗਲੀ ਪੇਸ਼ਕਾਰੀ 8 ਨਵੰਬਰ ਨੂੰ ਵੀਡੀਉ ਕਾਨਫਰੰਸਿੰਗ ਰਾਹੀਂ ਹੋਵੇਗੀ।ਨਿਹੰਗ ਸਿੰਘਾਂ ਦੀ ਪੇਸ਼ੀ ਦੌਰਾਨ ਮੀਡੀਆ ਨੂੰ ਅਦਾਲਤ ਦੇ ਵਿਹੜੇ ਵਿੱਚ ਦਾਖਲਾ ਨਹੀਂ ਦਿੱਤਾ ਗਿਆ ਸੀ।

ਦੱਸਣਯੋਗ ਹੈ ਕਿ 15 ਅਕਤੂਬਰ ਦੀ ਸਵੇਰ ਸਿੰਘੂ ਸਰਹੱਦ 'ਤੇ ਲਖਬੀਰ ਸਿੰਘ ਦੇ ਕਤਲ ਤੋਂ ਬਾਅਦ ਚਾਰ ਨਿਹੰਗ ਸਿੰਘਾਂ ਨਰਾਇਣ ਸਿੰਘ, ਸਰਬਜੀਤ ਸਿੰਘ, ਭਗਵੰਤ ਸਿੰਘ ਅਤੇ ਗੋਬਿੰਦਪ੍ਰੀਤ ਸਿੰਘ ਨੇ 15 ਅਤੇ 16 ਅਕਤੂਬਰ ਨੂੰ ਆਤਮ ਸਮਰਪਣ ਕਰ ਦਿੱਤਾ ਸੀ। ਪੁਲਿਸ ਨੇ ਸਰਬਜੀਤ ਤੋਂ 9 ਦਿਨ ਅਤੇ ਬਾਕੀ ਤਿੰਨਾਂ ਨੂੰ 8 ਦਿਨ ਦੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕੀਤੀ ਹੈ।

ਸਨਿਚਰਵਾਰ ਨੂੰ ਪੁਲਿਸ ਨੇ ਚਾਰਾਂ ਨੂੰ ਅਦਾਲਤ 'ਚ ਪੇਸ਼ ਕਰ ਕੇ 4 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ 2 ਦਿਨ ਦਾ ਰਿਮਾਂਡ ਦਿਤਾ। ਸੋਮਵਾਰ ਨੂੰ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੀ ਪੁੱਛਗਿੱਛ ਖਤਮ ਹੋ ਗਈ ਹੈ। ਇਸ ਤੋਂ ਬਾਅਦ ਅਦਾਲਤ ਨੇ ਚਾਰਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ।