ਯੂਪੀ 'ਚ ਸਰਕਾਰ ਬਣਨ 'ਤੇ 10 ਲੱਖ ਤੱਕ ਮੁਫ਼ਤ ਸਰਕਾਰੀ ਇਲਾਜ ਕਰਵਾਏਗੀ ਕਾਂਗਰਸ- ਪ੍ਰਿਯੰਕਾ ਗਾਂਧੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਪਾਰਟੀ ਨੇ ਰਾਜ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਣ ਦਾ ਵੀ ਐਲਾਨ ਕੀਤਾ ਹੈ।

Priyanka Gandhi

 

ਲਖਨਊ- ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੇ ਸੱਤ ਵਾਅਦੇ ਜਨਤਕ ਕਰਨ ਤੋਂ ਕੁਝ ਦਿਨਾਂ ਬਾਅਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਜੇ ਪਾਰਟੀ ਸੂਬੇ ਵਿਚ ਸਰਕਾਰ ਬਣਾਉਂਦੀ ਹੈ, ਤਾਂ ਲੋਕਾਂ ਨੂੰ  ਕਿਸੇ ਵੀ ਬਿਮਾਰੀ ਲਈ 10 ਲੱਖ ਰੁਪਏ ਦਾ  ਇਲਾਜ ਮੁਫਤ ਦਿੱਤਾ ਜਾਵੇਗਾ।

ਪ੍ਰਿਅੰਕਾ ਨੇ ਇੱਕ ਟਵੀਟ ਵਿਚ ਕਿਹਾ, "ਸਸਤੇ ਅਤੇ ਚੰਗੇ ਇਲਾਜ ਲਈ ਮੈਨੀਫੈਸਟੋ ਕਮੇਟੀ ਦੀ ਸਹਿਮਤੀ ਨਾਲ, ਯੂਪੀ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ ਜੇਕਰ ਸਰਕਾਰ ਬਣੀ ਤਾਂ ਕੋਈ ਵੀ ਬਿਮਾਰੀ ਹੋਵੇ, ਸਰਕਾਰ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਕਰਵਾਏਗੀ। ਕੋਵਿਡ-19 ਮਹਾਮਾਰੀ ਦੌਰਾਨ ਅਤੇ ਮੌਜੂਦਾ ਸਮੇਂ 'ਚ ਸੂਬੇ 'ਚ ਥਾਂ-ਥਾਂ ਬੁਖਾਰ ਫੈਲਣ ਦੀਆਂ ਖਬਰਾਂ ਕਾਰਨ ਸਰਕਾਰੀ ਪ੍ਰਬੰਧਾਂ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਟਵੀਟ 'ਚ ਕਿਹਾ, ''ਕੋਰੋਨਾ ਦੇ ਦੌਰ 'ਚ ਸਰਕਾਰ ਦੀ ਅਣਗਹਿਲੀ ਅਤੇ ਹੁਣ ਸੂਬੇ 'ਚ ਫੈਲੇ ਬੁਖ਼ਾਰ ਕਾਰਨ ਯੂ.ਪੀ ਦੀ ਸਿਹਤ ਵਿਵਸਥਾ ਦੀ ਖਸਤਾ ਹਾਲਤ ਨੂੰ ਹਰ ਕਿਸੇ ਨੇ ਦੇਖਿਆ ਹੈ।

ਦੱਸ ਦੀਏ ਕਿ ਇਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਆਉਣ 'ਤੇ ਵਿਦਿਆਰਥਣਾਂ ਨੂੰ ਸਮਾਰਟਫ਼ੋਨ ਅਤੇ ਇਲੈਕਟ੍ਰਿਕ ਸਕੂਟੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਿਛਲੀ 23 ਅਕਤੂਬਰ ਨੂੰ ਪ੍ਰਿਅੰਕਾ ਨੇ ਬਾਰਾਬੰਕੀ ਜ਼ਿਲ੍ਹੇ ਤੋਂ ਪ੍ਰਤੀਗਿਆ ਯਾਤਰਾਵਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਸ ਮੌਕੇ ਪਾਰਟੀ ਨੇ 20 ਲੱਖ ਲੋਕਾਂ ਨੂੰ ਨੌਕਰੀਆਂ ਦੇਣ, ਬਿਜਲੀ ਦੇ ਬਿੱਲਾਂ ਨੂੰ ਅੱਧਾ ਕਰਨ ਅਤੇ ਕੋਵਿਡ -19 ਮਹਾਮਾਰੀ ਦੌਰਾਨ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਹੇ ਪਰਿਵਾਰਾਂ ਨੂੰ 25-25 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਸੀ। ਪਾਰਟੀ ਨੇ ਰਾਜ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਣ ਦਾ ਵੀ ਐਲਾਨ ਕੀਤਾ ਹੈ।