ਰਿਸ਼ੀ ਸੁਨਕ ਦੀ ਪਤਨੀ ਅਕਸ਼ਾ ਨੂੰ 2022 'ਚ ਇਨਫੋਸਿਸ ਤੋਂ ਮਿਲਿਆ 126.61 ਕਰੋੜ ਰੁਪਏ ਦਾ ਮੁਨਾਫ਼ਾ
ਮੰਗਲਵਾਰ ਨੂੰ BSE 'ਤੇ 1,527.40 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਉਸ ਦੀ ਹਿੱਸੇਦਾਰੀ 5,956 ਕਰੋੜ ਰੁਪਏ ਹੈ
ਨਵੀਂ ਦਿੱਲੀ - ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਪਤਨੀ ਅਕਸ਼ਾ ਮੂਰਤੀ ਨੂੰ ਭਾਰਤ ਦੀ ਦੂਜੀ ਸਭ ਤੋਂ ਵੱਡੀ ਸੂਚਨਾ ਤਕਨਾਲੋਜੀ ਕੰਪਨੀ ਇਨਫੋਸਿਸ ਵਿਚ ਆਪਣੀ ਹਿੱਸੇਦਾਰੀ ਲਈ 2022 ਵਿਚ 126.61 ਕਰੋੜ ਰੁਪਏ ਦਾ ਮੁਨਾਫ਼ਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਅਕਸ਼ਾ ਨੂੰ ਯੂਕੇ ਤੋਂ ਬਾਹਰ ਆਪਣੀ ਆਮਦਨ 'ਤੇ ਟੈਕਸ ਦੀ ਸਥਿਤੀ ਕਾਰਨ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ। ਸਟਾਕ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇੰਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਦੀ ਧੀ ਅਕਸ਼ਾ ਕੋਲ ਸਤੰਬਰ ਦੇ ਅੰਤ ਵਿਚ 3.89 ਕਰੋੜ ਜਾਂ 0.93 ਪ੍ਰਤੀਸ਼ਤ ਇੰਫੋਸਿਸ ਦੇ ਸ਼ੇਅਰ ਸਨ।
ਮੰਗਲਵਾਰ ਨੂੰ BSE 'ਤੇ 1,527.40 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਉਸ ਦੀ ਹਿੱਸੇਦਾਰੀ 5,956 ਕਰੋੜ ਰੁਪਏ ਹੈ। ਇਨਫੋਸਿਸ ਨੇ ਇਸ ਸਾਲ 31 ਮਈ ਨੂੰ ਵਿੱਤੀ ਸਾਲ 2021-22 ਲਈ 16 ਰੁਪਏ ਪ੍ਰਤੀ ਸ਼ੇਅਰ ਦਾ ਅੰਤਮ ਮੁਨਾਫ਼ਾ ਦਿੱਤਾ ਸੀ। ਕੰਪਨੀ ਦੁਆਰਾ ਸਟਾਕ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਉਸ ਨੇ ਚਾਲੂ ਸਾਲ ਲਈ 16.5 ਰੁਪਏ ਦੇ ਅੰਤਰਿਮ ਮੁਨਾਫ਼ਾ ਦਾ ਐਲਾਨ ਕੀਤਾ ਹੈ।
ਦੋਵਾਂ ਲਾਭਅੰਸ਼ਾਂ ਦਾ ਜੋੜ 32.5 ਰੁਪਏ ਪ੍ਰਤੀ ਸ਼ੇਅਰ ਹੈ। ਇਸ ਤਰ੍ਹਾਂ ਅਕਸ਼ਾ ਨੂੰ 126.61 ਕਰੋੜ ਰੁਪਏ ਮੁਨਾਫ਼ੇ ਵਜੋਂ ਮਿਲੇ। ਇੰਫੋਸਿਸ ਭਾਰਤ ਵਿਚ ਸਭ ਤੋਂ ਵਧੀਆ ਮੁਨਾਫ਼ਾ ਦੇਣ ਵਾਲੀਆਂ ਕੰਪਨੀਆਂ ਵਿਚੋਂ ਇੱਕ ਹੈ। ਸੁਨਕ (42) ਭਾਰਤੀ ਮੂਲ ਦੇ ਬ੍ਰਿਟੇਨ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਹਨ। ਸੁਨਕ ਨੇ 2009 ਵਿਚ ਅਕਸ਼ਾ ਨਾਲ ਵਿਆਹ ਕੀਤਾ ਅਤੇ ਜੋੜੇ ਦੀਆਂ ਦੋ ਧੀਆਂ ਕ੍ਰਿਸ਼ਨਾ ਅਤੇ ਅਨੁਸ਼ਕਾ ਹਨ।