ਡੇਢ ਘੰਟੇ ਬੰਦ ਰਹਿਣ ਤੋਂ ਬਾਅਦ ਵਟਸਐਪ ਸੇਵਾ ਬਹਾਲ, ਕਰੀਬ 12.30 ਵਜੇ ਡਾਊਨ ਹੋਇਆ ਸੀ ਵਟਸਐਪ
ਭਾਰਤ ਸਮੇਤ ਕਈ ਦੇਸ਼ 'ਚ ਲੋਕਾਂ ਨੇ ਕਰੀਬ 12.30 ਵਜੇ ਵਟਸਐਪ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ
ਨਵੀਂ ਦਿੱਲੀ: ਦੁਨੀਆ ਦੇ ਕਈ ਦੇਸ਼ਾਂ 'ਚ ਵਟਸਐਪ ਦੀਆਂ ਸੇਵਾਵਾਂ ਕਰੀਬ ਡੇਢ ਘੰਟੇ ਤੱਕ ਬੰਦ ਰਹੀਆਂ। ਜਾਣਕਾਰੀ ਮੁਤਾਬਕ ਵਟਸਐਪ ਨੇ ਦੁਪਹਿਰ 12.30 ਵਜੇ ਕੰਮ ਕਰਨਾ ਬੰਦ ਕਰ ਦਿੱਤਾ। ਕਰੀਬ ਡੇਢ ਘੰਟੇ ਤੱਕ ਬੰਦ ਰਹਿਣ ਤੋਂ ਬਾਅਦ ਦੁਪਹਿਰ 2:06 ਵਜੇ ਮੁੜ ਸਰਵਿਸ ਸ਼ੁਰੂ ਹੋ ਗਈ।
ਭਾਰਤ ਸਮੇਤ ਕਈ ਦੇਸ਼ 'ਚ ਲੋਕਾਂ ਨੇ ਕਰੀਬ 12.30 ਵਜੇ ਵਟਸਐਪ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਇਸ ਨੂੰ ਬਿਆਨ ਜਾਰੀ ਕਰਨਾ ਪਿਆ। ‘ਹੈਸ਼ਟੈਗ ਵਟਸਐਪ ਡਾਊਨ’ ਟਵਿਟਰ ਉੱਤੇ ਵੀ ਟਰੈਂਡ ਕਰ ਰਿਹਾ ਸੀ।
ਪੰਜਾਬ, ਦਿੱਲੀ ਰਾਜਸਥਾਨ, ਮੱਧ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿਚ ਬਹੁਤ ਸਾਰੇ ਯੂਜ਼ਰਸ ਨੇ ਮੈਟਾ-ਮਾਲਕੀਅਤ ਵਾਲੀ WhatsApp ਸੇਵਾ ਵਿਚ ਵਿਘਨ ਦੀ ਸ਼ਿਕਾਇਤ ਕੀਤੀ। 67% ਲੋਕਾਂ ਨੇ ਆਊਟੇਜ ਟਰੈਕਿੰਗ ਕੰਪਨੀ ਡਾਊਨ ਡਿਟੈਕਟਰ ਨੂੰ ਸੰਦੇਸ਼ ਭੇਜਣ ਵਿਚ ਮੁਸ਼ਕਲ ਹੋਣ ਦੀ ਰਿਪੋਰਟ ਕੀਤੀ ਸੀ।
ਵਟਸਐਪ ਦੀ ਪੇਰੈਂਟ-ਕੰਪਨੀ ਮੇਟਾ ਦੇ ਬੁਲਾਰੇ ਨੇ ਕਿਹਾ, "ਸਾਨੂੰ ਪਤਾ ਹੈ ਕਿ ਕੁਝ ਲੋਕਾਂ ਨੂੰ ਵਟਸਐਪ ਰਾਹੀਂ ਮੈਸੇਜ ਕਰਨ ਵਿਚ ਮੁਸ਼ਕਲ ਆ ਰਹੀ ਹੈ ਅਤੇ ਅਸੀਂ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਸੰਭਵ ਹੋ ਸਕੇ, ਇਸ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾ ਸਕੇ।" ਇਸ ਤੋਂ ਕੁਝ ਸਮੇਂ ਬਾਅਦ ਵਟਸਐਪ ਸੇਵਾ ਮੁੜ ਬਹਾਲ ਹੋ ਗਈ।