ਕਿਸਾਨ ਅੰਦੋਲਨ ’ਤੇ ਟਿਪਣੀ ਕਰਨ ਦਾ ਮਾਮਲਾ : ਯੂ.ਪੀ. ਦੀ ਅਦਾਲਤ ’ਚ ਪੇਸ਼ ਨਾ ਹੋਈ ਕੰਗਨਾ
ਅਦਾਲਤ ਨੇ ਜਾਰੀ ਕੀਤੇ ਦੋ ਨੋਟਿਸ ਜਾਰੀ, 28 ਨਵੰਬਰ ਨੂੰ ਪੇਸ਼ ਹੋਣ ਦਾ ਹੁਕਮ ਦਿਤਾ
ਬੁਲੰਦਸ਼ਹਿਰ : ਬਾਲੀਵੁੱਡ ਅਦਾਕਾਰਾ ਅਤੇ ਲੋਕ ਸਭਾ ਮੈਂਬਰ ਕੰਗਨਾ ਰਣੌਤ 2020-21 ਦੇ ਕਿਸਾਨ ਅੰਦੋਲਨ ’ਤੇ ਟਿਪਣੀ ਕਰਨ ਦੇ ਮਾਮਲੇ ’ਚ ਸ਼ੁਕਰਵਾਰ ਨੂੰ ਐਮ.ਪੀ.-ਐਮ.ਐਲ.ਏ. ਅਦਾਲਤ ’ਚ ਸੁਣਵਾਈ ’ਚ ਪੇਸ਼ ਨਾ ਹੋਈ।
ਸ਼ਿਕਾਇਤਕਰਤਾ ਦੇ ਵਕੀਲ ਅਨੁਸਾਰ ਅਦਾਲਤ ਨੇ ਹੁਣ ਉਸ ਨੂੰ ਦੋ ਨੋਟਿਸ ਜਾਰੀ ਕੀਤੇ ਹਨ ਅਤੇ ਉਸ ਨੂੰ 28 ਨਵੰਬਰ ਨੂੰ ਪੇਸ਼ ਹੋਣ ਦਾ ਹੁਕਮ ਦਿਤਾ ਹੈ।
ਇਹ ਮਾਮਲਾ ਭਾਰਤੀ ਕਿਸਾਨ ਯੂਨੀਅਨ (ਕਿਸਾਨ ਸ਼ਕਤੀ) ਦੇ ਨੇਤਾ ਗਜੇਂਦਰ ਸ਼ਰਮਾ ਨੇ ਦਾਇਰ ਕੀਤਾ ਸੀ, ਜਿਸ ਨੇ ਦੋਸ਼ ਲਾਇਆ ਸੀ ਕਿ ਰਣੌਤ ਦੀ ਟਿਪਣੀ ਨੇ ਉਨ੍ਹਾਂ ਕਿਸਾਨਾਂ ਨੂੰ ਬਦਨਾਮ ਕੀਤਾ ਹੈ ਜਿਨ੍ਹਾਂ ਨੇ ਹੁਣ ਰੱਦ ਕੀਤੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਹੈ।
ਮੁਕੱਦਮੇ ’ਚ ਸ਼ਰਮਾ ਨੇ ਦੋਸ਼ ਲਾਇਆ ਕਿ ਕੰਗਨਾ ਨੇ ਕਿਸਾਨਾਂ ਨੂੰ ‘ਖਾਲਿਸਤਾਨੀ’ ਅਤੇ ਹਾਲ ਹੀ ’ਚ ‘ਜਬਰ ਜਨਾਹੀ’ ਅਤੇ ‘ਕਾਤਲ’ ਕਿਹਾ ਸੀ। ਸ਼ਰਮਾ ਦੇ ਕਾਨੂੰਨੀ ਪ੍ਰਤੀਨਿਧੀ ਸੰਜੇ ਸ਼ਰਮਾ ਨੇ ਦਸਿਆ ਕਿ ਅਦਾਲਤ ਨੇ ਰਣੌਤ ਨੂੰ 25 ਅਕਤੂਬਰ ਨੂੰ ਪੇਸ਼ ਹੋਣ ਲਈ ਸ਼ੁਰੂਆਤੀ ਨੋਟਿਸ ਜਾਰੀ ਕੀਤਾ ਸੀ।
ਵਕੀਲ ਨੇ ਕਿਹਾ ਕਿ ਸੰਸਦ ਮੈਂਬਰ ਬਣਨ ਤੋਂ ਪਹਿਲਾਂ ਕੀਤੀਆਂ ਟਿਪਣੀ ਆਂ ਦੇ ਜਵਾਬ ’ਚ ਸੁਣਵਾਈ ਸ਼ੁਰੂ ’ਚ 19 ਸਤੰਬਰ ਨੂੰ ਤੈਅ ਕੀਤੀ ਗਈ ਸੀ। ਰਣੌਤ ਨੂੰ ਉਸ ਦੇ ਮੁੰਬਈ ਅਤੇ ਹਿਮਾਚਲ ਪ੍ਰਦੇਸ਼ ਦੇ ਪਤੇ ’ਤੇ ਨੋਟਿਸ ਦਿਤਾ ਗਿਆ ਹੈ।
ਜੇਕਰ ਲੋੜ ਪਈ ਤਾਂ ਅਸੀਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਜਾਣ ਲਈ ਤਿਆਰ ਹਾਂ : ਕਿਸਾਨ ਆਗੂ ਗਜੇਂਦਰ ਸ਼ਰਮਾ
ਗਜੇਂਦਰ ਸ਼ਰਮਾ ਨੇ ਕਿਹਾ, ‘‘ਅਸੀਂ ਉਨ੍ਹਾਂ ਦੇ ਬਿਆਨਾਂ ਦੀ ਨਿੰਦਾ ਕਰਦੇ ਹਾਂ ਅਤੇ ਲੋੜ ਪੈਣ ’ਤੇ ਇਸ ਮਾਮਲੇ ਨੂੰ ਉੱਚ ਅਦਾਲਤਾਂ ’ਚ ਲਿਜਾਣ ਦਾ ਇਰਾਦਾ ਰਖਦੇ ਹਾਂ। ਜੇਕਰ ਲੋੜ ਪਈ ਤਾਂ ਅਸੀਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਜਾਣ ਲਈ ਤਿਆਰ ਹਾਂ।’’