ਸੈਲਾਨੀਆਂ ਦੀ ਪਹਿਲੀ ਪੰਸਦ ਬਣਿਆ ਇਹ ਟਾਈਗਰ ਰਿਜ਼ਰਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਿਜ਼ਰਵ ਬਣਨ ਤੋਂ ਪਹਿਲਾਂ ਜਿਥੇ ਪਾਰਕ ਵਿਚ 20-22 ਹਜ਼ਾਰ ਸੈਲਾਨੀ ਹਰ ਸਾਲ ਆਉਂਦੇ ਸਨ, ਉਥੇ ਹੀ ਇਹ ਗਿਣਤੀ ਹੁਣ ਵੱਧ ਕੇ 40 ਤੋਂ 50 ਹਜ਼ਾਰ ਤੱਕ ਪੁਹੰਚ ਚੁੱਕੀ ਹੈ।

Tiger at Rajaji Tiger reserve

ਦੇਹਰਾਦੂਨ,  ( ਪੀਟੀਆਈ ) : ਜੰਗਲੀ ਜੀਵਾਂ ਅਤੇ ਕੁਦਰਤ ਦੀ ਖੂਬਸੂਰਤੀ ਲਈ ਉਤਰਾਖੰਡ ਦੁਨੀਆ ਭਰ ਵਿਚ ਮਸ਼ਹੂਰ ਹੈ। ਇਥੇ ਦਾ ਸੱਭ ਤੋਂ ਵੱਡਾ ਖਿੱਚ ਦਾ ਕੇਂਦਰ ਹੈ ਰਾਜਾਜੀ ਨੈਸ਼ਨਲ ਪਾਰਕ ਜੋ ਕਿ ਏਸ਼ੀਆਈ ਹਾਥੀਆਂ ਲਈ ਜਾਣਿਆ ਜਾਂਦਾ ਹੈ। ਇਥੇ ਦਾ ਟਾਈਗਰ ਰਿਜ਼ਰਵ ਪਿਛਲੇ ਕਈ ਸਾਲਾਂ ਤੋਂ ਸੈਲਾਨੀਆਂ ਨੂੰ ਖਿੱਚਦਾ ਰਿਹਾ ਹੈ। ਏਸ਼ੀਆਈ ਹਾਥੀਆਂ ਲਈ ਮਸ਼ਹੂਰ ਇਸ ਪਾਰਕ ਵਿਚ ਬਾਘਾਂ ਦਾ ਪਰਵਾਰ ਵੀ ਤੇਜੀ ਨਾਲ ਵੱਧ ਰਿਹਾ ਹੈ। ਬਾਘਾਂ ਦੀ ਸੰਭਾਲ ਅਤੇ ਸੁਰੱਖਿਆ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਇਥੇ ਪਿਛਲੇ ਸਾਲ ਨਾਲੋਂ ਬਾਘਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।

ਲਗਭਗ ਸਾਢੇ ਤਿੰਨ ਸਾਲ ਪਹਿਲਾਂ ਰਿਜ਼ਰਵ ਦੇ ਗਠਨ ਸਮੇਂ ਇਥੇ ਸਿਰਫ 13 ਬਾਘ ਸਨ। ਹੁਣ ਇਨ੍ਹਾਂ ਦੀ ਗਿਣਤੀ 34 ਤੋਂ ਵੀ ਵੱਧ ਹੋ ਗਈ ਹੈ। ਰਾਜਾਜੀ ਨੈਸ਼ਨਲ ਪਾਰਕ ਪ੍ਰਬੰਧਨ ਦਾ ਅੰਦਾਜਾ ਹੈ ਕਿ ਜਿਸ ਤੇਜੀ ਨਾਲ ਇਥੇ ਬਾਘਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਉਸ ਨਾਲ ਇਹ ਆਸ ਪ੍ਰਗਟ ਕੀਤੀ ਜਾ ਰਹੀ ਹੈ ਕਿ ਅਗਲੇ ਤਿੰਨ ਸਾਲਾਂ ਵਿਚ ਬਾਘਾਂ ਦੀ ਜਨਤਕ ਗਿਣਤੀ ਦੌਰਾਨ ਇਹ ਅੰਕੜਾ 50 ਤੋਂ ਪਾਰ ਕਰ ਸਕਦਾ ਹੈ । ਰਾਜਾਜੀ ਟਾਈਗਰ ਪਾਰਕ ਦੇ ਨਿਰਦੇਸ਼ਕ ਸਨਾਤਨ ਦੱਸਦੇ ਹਨ ਕਿ ਬਾਘਾਂ ਦੀ ਸੁਰੱਖਿਆ ਲਈ ਕਈ ਕਦਮ ਚੁੱਕੇ ਗਏ ਹਨ। ਪੈਟਰੋਲਿੰਗ ਨੂੰ ਜੀਪੀਐਸ ਨਾਲ ਜੋੜਿਆ ਗਿਆ ਹੈ।

ਜਲਦ ਹੀ ਮੋਬਾਈਲ ਐਪ ਰਾਹੀ ਵੀ ਇਸ ਲਈ ਉਪਰਾਲੇ ਕੀਤੇ ਜਾ ਰਹੇ ਹਨ। ਰਿਜ਼ਰਵ ਦੇ ਨੇੜਲੇ ਖੇਤਰਾਂ ਦੇ ਪਿੰਡਾਂ ਵਿਚ ਯਾਤਰੀ ਗਤੀਵਿਧੀਆਂ ਦੀ ਹਿੱਸੇਦਾਰੀ ਕੀਤੀ ਗਈ ਹੈ। ਸੈਲਾਨੀ ਇਥੇ ਦੇ ਟਾਈਗਰ ਰਿਜ਼ਰਵ ਨੂੰ ਬਹੁਤ ਪੰਸਦ ਕਰ ਰਹੇ ਹਨ। ਰਾਜਾਜੀ ਪਾਰਕ ਵਿਚ ਲੰਮੀਆਂ ਕੋਸ਼ਿਸ਼ਾਂ ਤੋਂ ਬਾਅਦ 20 ਅਪ੍ਰੈਲ 2015 ਨੂੰ ਟਾਈਗਰ ਰਿਜ਼ਰਵ ਦਾ ਐਲਾਨ ਕੀਤਾ ਗਿਆ ਸੀ। ਇਸ ਵਿਚ 820.42 ਵਰਗ ਕਿਲੋਮੀਟਰ ਦੇ ਕੋਰ ਅਤੇ ਹਰਿਦੁਆਰ ਅਤੇ ਲੈਂਸਡਾਊਨ ਜੰਗਲਾਤ ਵਿਭਾਗਾਂ ਦੇ 254.75 ਵਰਗ ਕਿਲੋਮੀਟਰ ਦੇ ਹਿੱਸੇ ਨੂੰ ਮਿਲਾ ਕੇ ਬਤੌਰ ਬਫਰ ਖੇਤਰ ਸ਼ਾਮਲ ਕੀਤਾ ਗਿਆ।

ਕੌਮੀ ਟਾਈਗਰ ਕੰਨਜ਼ਰਵੇਸ਼ਨ ਅਥਾਰਿਟੀ ਨੇ ਇਸ ਵਿਚ ਪੂਰਾ ਸਹਿਯੋਗ ਦਿਤਾ। ਰਾਜਾਜੀ ਪਾਰਕ ਦੇ ਚੀਲਾ ਟੂਰਿਸਟ ਜ਼ੋਨ ਵਿਖੇ ਸੈਲਾਨੀ ਬਾਘਾਂ ਨੂੰ ਆਸਾਨੀ ਨਾਲ ਦੇਖ ਸਕਦੇ ਹਨ। ਰਿਜ਼ਰਵ ਬਣਨ ਤੋਂ ਪਹਿਲਾਂ ਜਿਥੇ ਪਾਰਕ ਵਿਚ 20-22 ਹਜ਼ਾਰ ਸੈਲਾਨੀ ਹਰ ਸਾਲ ਆਉਂਦੇ ਸਨ, ਉਥੇ ਹੀ ਇਹ ਗਿਣਤੀ ਹੁਣ ਵੱਧ ਕੇ 40 ਤੋਂ 50 ਹਜ਼ਾਰ ਤੱਕ ਪੁਹੰਚ ਚੁੱਕੀ ਹੈ। ਜਿਸ ਨਾਲ ਪਿਛਲੇ ਦੋ ਸਾਲਾਂ ਤੋਂ ਸਾਲਾਨਾ ਆਮਦਨੀ ਇਕ ਕਰੋੜ ਹੋ ਰਹੀ ਹੈ।