ਭਾਜਪਾ ਨਾਲ ਗਠਜੋੜ ਦਾ ਸਵਾਲ ਹੀ ਨਹੀਂ : ਸ਼ਰਦ ਪਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਜੀਤ ਪਵਾਰ ਨੂੰ ਜਵਾਬ ਦਿੰਦਿਆਂ ਸ਼ਰਦ ਪਵਾਰ ਨੇ ਕਿਹਾ ਕਿ ਭਾਜਪਾ ਨਾਲ ਗਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ

Sharad Pawar

ਮੁੰਬਈ,  : ਮਹਾਰਾਸ਼ਟਰ ਵਿਚ ਰਾਜਨੀਤੀ ਰੋਜ਼ਾਨਾ ਨਵਾਂ ਮੋੜ ਲੈ ਰਹੀ ਹੈ। ਐਨਸੀਪੀ ਪ੍ਰਧਾਨ ਸ਼ਰਦ ਪਵਾਰ ਨੇ ਅਪਣੇ ਭਤੀਜੇ ਅਜੀਤ ਪਵਾਰ ਨੂੰ ਕਲ ਵਿਧਾਇਕ ਦਲ ਦੇ ਆਗੂ ਦੇ ਅਹੁਦੇ ਤੋਂ ਹਟਾ ਦਿਤਾ ਸੀ ਪਰ ਅਜੀਤ ਪਵਾਰ ਨੇ ਐਤਵਾਰ ਨੂੰ ਕਿਹਾ ਕਿ ਉਹ ਹਾਲੇ ਵੀ ਐਨਸੀਪੀ ਆਗੂ ਹੈ। ਪਵਾਰ ਨੇ ਟਵਿਟਰ 'ਤੇ ਕਿਹਾ, 'ਮੈਂ ਹਾਲੇ ਵੀ ਐਨਸੀਪੀ ਆਗੂ ਹਾਂ ਅਤੇ ਹਮੇਸ਼ਾ ਰਹਾਂਗਾ ਅਤੇ ਸ਼ਰਦ ਪਵਾਰ ਸਾਡੇ ਆਗੂ ਹਨ।' ਅਜੀਤ ਪਵਾਰ ਨੇ ਕਿਹਾ, 'ਸਾਡਾ ਭਾਜਪਾ-ਐਨਸੀਪੀ ਗਠਜੋੜ ਅਗਲੇ ਪੰਜ ਸਾਲਾਂ ਲਈ ਮਹਾਰਾਸ਼ਟਰ ਵਿਚ ਸਥਿਰ ਸਰਕਾਰ ਦੇਵੇਗਾ। ਸਰਕਾਰ ਰਾਜ ਅਤੇ ਲੋਕਾਂ ਦੀ ਭਲਾਈ ਲਈ ਈਮਾਨਦਾਰੀ ਨਾਲ ਕੰਮ ਕਰੇਗੀ।'

ਅਜੀਤ ਪਵਾਰ ਨੂੰ ਜਵਾਬ ਦਿੰਦਿਆਂ ਸ਼ਰਦ ਪਵਾਰ ਨੇ ਕਿਹਾ ਕਿ ਭਾਜਪਾ ਨਾਲ ਗਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਐਨਸੀਪੀ ਨੇ ਸਰਬਸੰਮਤੀ ਨਾਲ ਸ਼ਿਵ ਸੈਨਾ ਅਤੇ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ  ਲੋਕਾਂ ਵਿਚਾਲੇ ਭਰਮ ਅਤੇ ਗ਼ਲਤ ਧਾਰਨਾ ਫੈਲਾਉਣ ਲਈ ਅਜੀਤ ਪਵਾਰ ਅਜਿਹੇ ਬਿਆਨ ਦੇ ਰਿਹਾ ਹੈ, ਉਨ੍ਹਾਂ ਕਿਹਾ ਕਿ ਸੂਬੇ ਵਿਚ ਐਨਸੀਪੀ, ਸ਼ਿਵ ਸੈਨਾ ਅਤੇ ਕਾਂਗਰਸ ਦਾ ਗਠਜੋੜ ਸਾਂਝੀ ਸਰਕਾਰ ਬਣਾਏਗਾ। ਸੂਬੇ ਦੇ ਰਾਜਪਾਲ ਨੂੰ ਗੁਮਰਾਹ ਕੀਤਾ ਗਿਆ ਹੈ। ਤਿੰਨ ਪਾਰਟੀਆਂ ਵਿਚ ਜਿਹੜੀ ਸਹਿਮਤੀ ਬਣੀ ਸੀ, ਉਸ 'ਤੇ ਉਹ ਅੱਜ ਵੀ ਕਾਇਮ ਹਨ ਅਤੇ ਭਾਜਪਾ ਨਾਲ ਕਿਸੇ ਵੀ ਕੀਮਤ 'ਤੇ ਗਠਜੋੜ ਨਹੀਂ ਕੀਤਾ ਜਾ ਸਕਦਾ।