ਸਰਕਾਰੀ ਅਫਸਰ ਦੇ ਘਰ ਛਾਪੇਮਾਰੀ ਦੌਰਾਨ ਪਾਈਪਲਾਈਨ ਚੋਂ ਪਾਣੀ ਦੀ ਥਾਂ ਨਿਕਲੇ ਪੈਸੇ ਹੀ ਪੈਸੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੋਨਾ, ਚਾਂਦੀ, ਤੇ ਹੋਰ ਵੀ ਸਮਾਨ ਹੋਇਆ ਬਰਾਮਦ

PHOTO

 

ਬੀਜਾਪੁਰ: ਕੀ ਤੁਸੀਂ ਕਦੇ ਪਾਈਪ ਰਾਹੀਂ ਪੈਸਾ ਵਹਿੰਦਾ ਦੇਖਿਆ ਹੈ? ਇਹ ਸੁਣਨ ਵਿੱਚ ਬਹੁਤ ਅਜੀਬ ਲੱਗਦਾ ਹੈ। ਪਰ ਅਜਿਹਾ ਹੀ ਇੱਕ ਮਾਮਲਾ ਕਰਨਾਟਕ ਤੋਂ ਸਾਹਮਣੇ ਆਇਆ ਹੈ। ਦਰਅਸਲ, ਕਰਨਾਟਕ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ACB) ਦੀ ਛਾਪੇਮਾਰੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

 

 

ਏਸੀਬੀ ਨੇ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦੇ ਇੱਕ ਜੂਨੀਅਰ ਇੰਜੀਨੀਅਰ ਦੇ ਘਰ ਛਾਪਾ ਮਾਰਿਆ ਸੀ। ਵੀਡੀਓ ਵਿੱਚ, ਏਸੀਬੀ ਅਧਿਕਾਰੀ ਪੀਵੀਸੀ ਪਾਈਪ ਦੇ ਅੰਦਰੋਂ ਨਕਦੀ ਅਤੇ ਸੋਨੇ ਦੇ ਗਹਿਣੇ ਕੱਢਦੇ ਹੋਏ ਦਿਖਾਈ ਦੇ ਰਹੇ ਹਨ।

 

 

 

 

ਭ੍ਰਿਸ਼ਟਾਚਾਰ ਰੋਕੂ ਏਜੰਸੀ ਦੇ ਅਧਿਕਾਰੀਆਂ ਨੇ ਜੇ.ਈ.ਸ਼ਾਂਤਾਗੌੜਾ ਬਿਰਾਦਰ 'ਤੇ ਆਪਣੇ ਕਾਰਜਕਾਲ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਹਾਸਲ ਕਰਨ ਦਾ ਸ਼ੱਕ ਜਤਾਇਆ। ਇਸ ਤੋਂ ਬਾਅਦ ਅਧਿਕਾਰੀਆਂ ਨੇ ਕਲਬੁਰਗੀ ਸਥਿਤ ਜੂਨੀਅਰ ਇੰਜੀਨੀਅਰ ਦੇ ਘਰ 'ਤੇ ਛਾਪਾ ਮਾਰਿਆ। ਛਾਪੇਮਾਰੀ ਦੀ ਅਗਵਾਈ ਏਸੀਬੀ ਦੇ ਐਸਪੀ ਮਹੇਸ਼ ਮੇਘਨਵਰ ਨੇ ਕੀਤੀ।

 

 

ਕੁਝ ਰਿਪੋਰਟਾਂ ਮੁਤਾਬਕ ਬੁੱਧਵਾਰ ਸਵੇਰੇ ਕਰੀਬ 9 ਵਜੇ ਏਸੀਬੀ ਟੀਮ ਨੇ ਬਿਰਦਾਰ ਦੇ ਘਰ ਦਾ ਦਰਵਾਜ਼ਾ ਖੜਕਾਇਆ। ਜੂਨੀਅਰ ਇੰਜਨੀਅਰ ਨੂੰ ਦਰਵਾਜ਼ਾ ਖੋਲ੍ਹਣ ਵਿੱਚ 10 ਮਿੰਟ ਲੱਗੇ, ਜਿਸ ਨਾਲ ਏਸੀਬੀ ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿ ਉਸ ਨੇ ਘਰ ਦੇ ਆਸ-ਪਾਸ ਕਿਤੇ ਬੇਹਿਸਾਬ ਨਕਦੀ ਛੁਪਾ ਦਿੱਤੀ ਹੈ।
ਇਸ ਤੋਂ ਬਾਅਦ ਜੂਨੀਅਰ ਇੰਜੀਨੀਅਰ ਦੇ ਘਰ ਅੰਦਰ ਪੀਵੀਸੀ ਪਾਈਪ ਕੱਟਣ ਲਈ ਪਲੰਬਰ ਨੂੰ ਬੁਲਾਇਆ ਗਿਆ।

 

ਜਦੋਂ ਪਲੰਬਰ ਨੇ ਪਾਈਪ ਕੱਟੀ ਤਾਂ ਅਧਿਕਾਰੀਆਂ ਨੂੰ ਉਸ ਅੰਦਰ ਨਕਦੀ ਅਤੇ ਸੋਨੇ ਦੇ ਗਹਿਣਿਆਂ ਦੇ ਬੰਡਲ ਮਿਲੇ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਜੂਨੀਅਰ ਇੰਜੀਨੀਅਰ ਸ਼ਾਂਤਾਗੌੜਾ ਬਿਰਦਾਰ ਦੇ ਘਰੋਂ ਕੁੱਲ 13.5 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਏਸੀਬੀ ਅਧਿਕਾਰੀਆਂ ਨੇ ਪੀਡਬਲਯੂਡੀ ਦੇ ਜੂਨੀਅਰ ਇੰਜੀਨੀਅਰ ਦੇ ਘਰ ਦੇ ਅੰਦਰ ਛੱਤ ਤੋਂ ਬਾਹਰ ਰੱਖੀ 6 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ।