ਦਿੱਲੀ ਚਾਂਦਨੀ ਚੌਂਕ ਨੇੜਲੀ ਮਾਰਕੀਟ 'ਚ ਲੱਗੀ ਅੱਗ 'ਚ 100 ਦੁਕਾਨਾਂ ਸੜੀਆਂ, ਮੁਸ਼ਕਿਲ ਨਾਲ ਪਿਆ ਅੱਗ 'ਤੇ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਗੀਰਥ ਪੈਲੇਸ ਵਿਖੇ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਦੀ ਦੇਸ਼ ਦੀ ਸਭ ਤੋਂ ਵੱਡੀ ਮਾਰਕੀਟ ਹੈ

Image

 

ਨਵੀਂ ਦਿੱਲੀ - ਦਿੱਲੀ ਦੇ ਚਾਂਦਨੀ ਚੌਕ 'ਚ ਇਲੈਕਟ੍ਰੀਕਲ ਅਤੇ ਇਲੈਕਟ੍ਰਾਨਿਕ ਸਮਾਨ ਦੇ ਥੋਕ ਬਜ਼ਾਰ ਵਿੱਚ ਲੱਗੀ ਅੱਗ ਨਾਲ ਤਕਰੀਬਨ 100 ਦੁਕਾਨਾਂ ਸੜ ਗਈਆਂ, ਅਤੇ ਤੰਗ ਗਲੀਆਂ 'ਚ ਪਸਰੀ ਇਸ ਮਾਰਕੀਟ 'ਚ ਲੱਗੀ ਅੱਗ ਨੂੰ ਬੁਝਾਉਣ ਲਈ ਅੱਗ ਬੁਝਾਊ ਦਸਤਿਆਂ ਨੂੰ ਭਾਰੀ ਮਿਹਨਤ ਕਰਨੀ ਪਈ। ਉਹ ਵਾਰ-ਵਾਰ ਲੋਕਾਂ ਨੂੰ ਚਿਤਾਵਨੀ ਦਿੰਦੇ ਰਹੇ ਕਿ ਇਮਾਰਤਾਂ ਤੋਂ ਦੂਰ ਰਹੋ, ਕਿਉਂ ਕਿ ਉਨ੍ਹਾਂ ਦੇ ਕਿਸੇ ਵੀ ਵੇਲੇ ਡਿੱਗ ਜਾਣ ਦਾ ਖ਼ਤਰਾ ਸੀ। 

ਭਗੀਰਥ ਪੈਲੇਸ ਖੇਤਰ ਦੀ ਮਹਾਲਕਸ਼ਮੀ ਮਾਰਕਿਟ, ਦੇਸ਼ ਦੀ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਦੀ ਸਭ ਤੋਂ ਵੱਡੀ ਮਾਰਕੀਟ ਹੈ। 

ਫ਼ਾਇਰ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, "ਇੱਕ ਇਮਾਰਤ ਦੇ ਕੁਝ ਹਿੱਸੇ ਢਹਿ ਗਏ ਅਤੇ ਏਸੀ ਕੰਪ੍ਰੈਸ਼ਰ ਫ਼ਟ ਗਏ। ਅਸੀਂ ਇਮਾਰਤ ਦੇ ਨੇੜੇ ਨਹੀਂ ਜਾ ਸਕੇ।"

ਇੱਕ ਦੁਕਾਨਦਾਰ ਸੰਜੇ ਕੁਮਾਰ ਦੀ ਦੁਕਾਨ ਪੂਰੀ ਤਰ੍ਹਾਂ ਸੜ ਗਈ, ਅਤੇ ਉਸ ਨੇ ਬੜੇ ਦੁੱਖ ਨਾਲ ਦੱਸਿਆ, "ਸਾਡੀ ਪੂਰੀ ਦੁਕਾਨ ਸੜ ਗਈ ਹੈ। ਸਾਨੂੰ ਕਈ ਕਰੋੜ ਦਾ ਨੁਕਸਾਨ ਹੋਇਆ ਹੈ। ਅਸੀਂ ਸਿਰਫ਼ ਅੱਗ ਬੁਝਣ ਦਾ ਇੰਤਜ਼ਾਰ ਕਰ ਰਹੇ ਹਾਂ। ਮੈਨੂੰ ਕੁਝ ਨਹੀਂ ਲੱਗਦਾ ਕਿ ਕੁਝ ਬਚਿਆ ਹੋਵੇਗਾ।"

ਅੱਗ ਬੁਝਾਊ ਵਿਭਾਗ ਮੁਤਾਬਕ ਵੀਰਵਾਰ ਰਾਤ 9.19 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ 40 ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਏ। ਫਾਇਰ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ 22 ਫਾਇਰ ਟੈਂਡਰ ਅੱਗ ਬੁਝਾਉਣ ਦੀ ਪ੍ਰਕਿਰਿਆ 'ਚ ਲੱਗੇ ਹੋਏ ਹਨ, ਅਤੇ 12 ਘੰਟਿਆਂ ਤੋਂ ਵੱਧ ਸਮੇਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਇੱਕ ਦੁਕਾਨ ਵਿੱਚ ਲੱਗੀ ਅੱਗ ਛੇਤੀ ਹੀ ਨਾਲ ਲੱਗਦੀਆਂ ਦੁਕਾਨਾਂ ਤੱਕ ਫ਼ੈਲਦੀ ਚਲੀ ਗਈ। 

ਅੱਗ ਬੁਝਾਊ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਮਜ਼ੋਰ ਢਾਂਚੇ, ਪਾਣੀ ਦੀ ਕਮੀ ਅਤੇ ਤੰਗ ਗਲੀਆਂ ਕਰਕੇ ਸਾਨੂੰ ਅੱਗ ਬੁਝਾਉਣ ਲਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।