ਭਾਰਤ ਆਉਣ ਲਈ 41 ਘੰਟੇ ਲੰਮੀ ਯਾਤਰਾ ਨਹੀਂ ਕਰ ਸਕਦਾ : ਮੇਹੁਲ ਚੌਕਸੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੌਕਸੀ ਨੇ ਅਪਣੀ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਉਸ ਦੇ ਲਈ ਭਾਰਤ ਆਉਣ ਲਈ 41 ਘੰਟੇ ਦੀ ਲੰਮੀ ਯਾਤਰਾ ਕਰਨਾ ਸੰਭਵ ਨਹੀਂ ਹੈ।

Mehul Choksi

ਨਵੀਂ ਦਿੱਲੀ, (ਭਾਸ਼ਾ) : ਪੰਜਾਬ ਨੈਸ਼ਨਲ ਬੈਂਕ ਦੇ ਅਰਬਾਂ ਰੁਪਏ ਦਾ ਗਬਨ ਕਰਨ ਵਾਲੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਪਟੀਸ਼ਨ ਨੂੰ ਖਾਰਜ ਕਰਵਾਉਣ ਲਈ 34 ਪੇਜਾਂ ਦਾ ਜਵਾਬ ਭੇਜਿਆ ਹੈ। ਈਡੀ ਨੇ ਉਸ ਨੂੰ ਭਗੌੜਾ ਵਿੱਤੀ ਅਪਰਾਧੀ ਐਲਾਨ ਕਰਨ ਲਈ ਪਟੀਸਨ ਦਾਖਲ ਕੀਤੀ ਹੋਈ ਹੈ। ਚੌਕਸੀ ਨੇ ਮਨੀ ਲਾਡਰਿੰਗ ਐਕਟ ਅਧੀਨ ਅਦਾਲਤ ਨੂੰ ਦੱਸਿਆ ਕਿ ਉਹ ਪੰਜਾਬ ਨੈਸ਼ਨਲ ਬੈਂਕ ਦੀ ਬਕਾਇਆ ਰਕਮ ਨੂੰ ਵਾਪਸ ਕਰਨ ਦੇ ਸਬੰਧ ਵਿਚ ਗੱਲਬਾਤ ਕਰ ਰਿਹਾ ਹੈ।

ਚੌਕਸੀ ਦਾ ਦਾਅਵਾ ਹੈ ਕਿ ਈਡੀ ਨੇ ਇਸ ਚਿੱਠੀ ਨੂੰ ਅਦਾਲਤ ਦੇ ਸਾਹਮਣੇ ਠੀਕ ਢੰਗ ਨਾਲ ਪੇਸ਼ ਨਹੀਂ ਕੀਤਾ ਤਾਂ ਕਿ ਉਸ ਨੂੰ ਗੁੰਮਰਾਹ ਕੀਤਾ ਜਾ ਸਕੇ। ਇਸ ਜਵਾਬ ਨੂੰ ਵਿਸ਼ੇਸ਼ ਜਜ ਐਮਐਸ ਆਜ਼ਮੀ ਦੀ ਅਦਾਲਤ ਵਿਚ ਚੌਕਸੀ ਦੇ ਵਕੀਲ ਸੰਜੇ ਅਬੋਟ ਅਤੇ ਰਾਹੁਲ ਅਗਰਵਾਲ ਨੇ ਜਮ੍ਹਾਂ ਕਰਵਾਇਆ। ਈਡੀ ਨੇ ਪਟੀਸ਼ਨ ਦਿੰਦੇ ਹੋਏ ਦਲੀਲ ਦਿਤੀ ਕਿ ਚੌਕਸੀ ਨੂੰ ਭਗੌੜਾ ਵਿੱਤੀ ਅਪਰਾਧੀ ਐਲਾਨ ਕੀਤਾ ਜਾਵੇ ਅਤੇ ਉਸ ਦੀ ਜਾਇਦਾਦ ਨੂੰ ਭਗੌੜਾ ਵਿੱਤੀ ਅਪਰਾਧੀ ਐਕਟ ਅਧੀਨ ਜ਼ਬਤ ਕੀਤਾ ਜਾਵੇ।

ਅਪਣੇ ਜਵਾਬ ਵਿਚ ਚੌਕਸੀ ਨੇ ਦੋਸ਼ ਲਗਾਇਆ ਕਿ ਈਡੀ ਨੇ ਜਾਣ ਬੁੱਝ ਕੇ ਜਾਇਦਾਦ ਦੇ ਮੁੱਲ ਨੂੰ ਘੱਟ ਦੱਸਿਆ ਹੈ ਤਾਂ ਕਿ ਉਹ ਵੱਧ ਤੋਂ ਵੱਧ ਜਾਇਦਾਦ ਨੂੰ ਜੋੜ ਸਕੇ। ਜਿਹਨਾਂ ਜਾਇਦਾਦਾਂ ਨੂੰ ਜੋੜਿਆ ਗਿਆ ਹੈ। ਉਹਨਾਂ ਦੀ ਕੀਮਤ 89 ਕਰੋੜ ਤੋਂ 537 ਕਰੋੜ ਰੁਪਏ ਵਿਚਕਾਰ ਹੈ। ਚੌਕਸੀ ਨੇ ਅਪਣੀ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਉਸ ਦੇ ਲਈ ਭਾਰਤ ਆਉਣ ਲਈ 41 ਘੰਟੇ ਦੀ ਲੰਮੀ ਯਾਤਰਾ ਕਰਨਾ ਸੰਭਵ ਨਹੀਂ ਹੈ। ਪਟੀਸ਼ਨ ਵਿਚ ਮਾਮਲੇ ਦੀ ਜਾਂਚ ਬਹੁਤ ਹੌਲੀ ਕਰਨ ਦੀ ਗੱਲ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਉਸ ਨੇ ਕਿਹਾ ਕਿ ਟ੍ਰਾਇਲ ਨੂੰ ਸ਼ੁਰੂ ਹੋਣ ਵਿਚ ਸਾਲਾਂ ਦਾ ਸਮਾਂ ਲਗ ਜਾਵੇਗਾ।