ਸੰਬੋਧਨ ਦੌਰਾਨ ਬੋਲੇ ਮੋਦੀ- ਕਿਸਾਨਾਂ ਨੂੰ ਇੰਨੇ ਅਧਿਕਾਰ ਮਿਲ ਰਹੇ, ਖੇਤੀ ਕਾਨੂੰਨਾਂ ਵਿਚ ਗਲਤ ਕੀ ਹੈ?

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨ ਅੰਦੋਲਨ ਵਿਚ ਸਾਰੇ ਲੋਕ ਗਲਤ ਨਹੀਂ, ਕੁਝ ਭੋਲੇ ਭਾਲੇ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ - ਮੋਦੀ

PM Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਖੇਤੀ ਕਾਨੂੰਨਾਂ ਨੂੰ ਲੈ ਕੇ ਕਈ ਝੂਠ ਫੈਲਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਐਮਐਸਪੀ ਤੇ ਮੰਡੀ ਸਬੰਧੀ ਕਈ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਕਾਨੂੰਨਾਂ ਨੂੰ ਲਾਗੂ ਹੋਇਆਂ ਕਈ ਮਹੀਨੇ ਹੋ ਗਏ ਹਨ ਪਰ ਕੀ ਕਿਸੇ ਨੂੰ ਕੋਈ ਨੁਕਸਾਨ ਹੋਇਆ?

ਪੀਐਮ ਮੋਦੀ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਸਾਰੇ ਲੋਕ ਗਲਤ ਨਹੀਂ ਹਨ, ਕੁਝ ਭੋਲੇ ਭਾਲੇ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਹਿਲਾਂ ਖੇਤੀ ਕਾਨੂੰਨਾਂ ਨੂੰ ਤੋੜਨ ‘ਤੇ ਕਿਸਾਨਾਂ ਨੂੰ ਪਨੈਲਟੀ ਲੱਗਦੀ ਸੀ ਪਰ ਹੁਣ ਸਾਡੀ ਸਰਕਾਰ ਨੇ ਅਜਿਹੀ ਪਨੈਲਟੀ ਨੂੰ ਖਤਮ ਕੀਤਾ ਹੈ। ਹੁਣ ਖਰੀਦਦਾਰ ਨੂੰ ਕਿਸਾਨਾਂ ਨੂੰ ਰਸੀਦ ਵੀ ਦੇਣੀ ਹੋਵੇਗੀ ਤੇ ਤਿੰਨ ਦਿਨ ਵਿਚ ਫਸਲ ਦੇ ਪੈਸੇ ਵੀ ਦੇਣੇ ਪੈਣਗੇ।

ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਲੋਕ-ਮੋਦੀ

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿੰਨੇ ਲੋਕ ਅੱਜ ਅੰਦੋਲਨ ਚਲਾ ਰਹੇ ਹਨ, ਉਹ ਉਸੇ ਸਰਕਾਰ ਦੇ ਨਾਲ ਸੀ, ਜਿਸ ਨੇ ਸਵਾਮੀਨਾਥਨ ਰਿਪੋਰਟ ਨੂੰ ਦਬਾ ਕੇ ਰੱਖਿਆ ਸੀ। ਉਹਨਾਂ ਕਿਹਾ ਕੁਝ ਲੋਕ ਚਰਚਾ ਵਿਚ ਆਉਣ ਲਈ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ।

ਉਹਨਾਂ ਕਿਹਾ ਜੋ ਲੋਕ ਬੰਗਾਲ ਦੇ ਹਾਲ ‘ਤੇ ਚੁੱਪ ਸੀ, ਉਹ ਹੁਣ ਕਿਸਾਨਾਂ ਨੂੰ ਵਰਗਲਾ ਰਹੇ ਹਨ। ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਦੇ ਕਾਰਨ ਕਿਸਾਨ ਬਰਬਾਦ ਹੋਇਆ ਹੈ। ਸਾਡੀ ਸਰਕਾਰ ਨੇ ਅਧੁਨਿਕ ਖੇਤੀ ਨੂੰ ਬਲ ਦਿੱਤਾ ਹੈ। 2014 ਤੋਂ ਸਾਡੀ ਸਰਕਾਰ ਨੇ ਨਵੇਂ ਜੋਸ਼ ਨਾਲ ਕਿਸਾਨਾਂ ਲਈ ਕੰਮ ਕੀਤਾ।

ਬੰਗਾਲ ਸਰਕਾਰ ‘ਤੇ ਬਰਸੇ ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹੁਣ ਕੋਈ ਹੇਰਾਫੇਰੀ ਨਹੀਂ ਹੁੰਦੀ। ਦਿੱਲੀ ਤੋਂ ਪੈਸੇ ਸਿੱਧਾਂ ਗਰੀਬਾਂ ਦੇ ਖਾਤਿਆਂ ਵਿਚ ਜਾ ਰਹੇ ਹਨ। ਸਾਰੇ ਦੇਸ਼ ਦੇ ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ ਪਰ ਬੰਗਾਲ ਦੀ ਸਰਕਾਰ ਨੇ 70 ਲੱਖ ਤੋਂ ਜ਼ਿਆਦਾ ਕਿਸਾਨਾਂ ਦਾ ਫਾਇਦਾ ਰੋਕਿਆ ਹੈ।

ਦੇਸ਼ ਦੇ 9 ਕਰੋੜ ਤੋਂ ਜ਼ਿਆਦਾ ਕਿਸਾਨਾਂ ਦੇ ਖਾਤਿਆਂ ‘ਚ 18 ਹਜ਼ਾਰ ਕਰੋੜ ਤੋਂ ਜ਼ਿਆਦਾ ਰਕਮ ਜਮ੍ਹਾਂ ਹੋਈ। ਬੰਗਾਲ ਨੂੰ ਬਰਬਾਦ ਕਰਨ ਵਾਲਿਆਂ ਦੀ ਵਿਚਾਰਧਾਰਾ ਦੇ ਲੋਕ ਦਿੱਲੀ ਵਿਚ ਅੰਦੋਲਨ ਕਰਵਾ ਰਹੇ ਹਨ। ਪੀਐਮ ਮੋਦੀ ਨੇ ਕਿਹਾ  ਜਿਨ੍ਹਾਂ ਲੋਕਾਂ ਨੇ ਦਿੱਲੀ ਨੂੰ ਘੇਰਿਆ ਹੈ, ਉਹਨਾਂ ਨੂੰ ਕੇਰਲ ਕਿਉਂ ਨਹੀਂ ਦਿਖ ਰਿਹਾ ? ਕੇਰਲ ਵਿਚ ਵੀ ਏਪੀਐਮਸੀ, ਮੰਡੀ ਨਹੀਂ ਹੈ, ਉੱਥੇ ਅੰਦੋਲਨ ਕਿਉਂ ਨਹੀਂ ਹੁੰਦਾ।