New Delhi News: ਕੇਜਰੀਵਾਲ ਨਿਕਲੇ ‘ਫ਼ਰਜ਼ੀਵਾਲ’, ਉਨ੍ਹਾਂ ਨਾਲ ਗਠਜੋੜ ਵੱਡੀ ਭੁੱਲ : ਅਜੇ ਮਾਕਨ

ਏਜੰਸੀ

ਖ਼ਬਰਾਂ, ਰਾਸ਼ਟਰੀ

New Delhi News: ਕਿਹਾ, ਕੇਜੀਵਾਲ ਦੇ ਐਲਾਨ ਸਿਰਫ਼ 'ਫ਼ਰਜ਼ੀਵਾੜਾ', ਹੋਰ ਕੁੱਝ ਨਹੀਂ

Kejriwal turned out to be a 'fake', alliance with him a big mistake: Ajay Maken

 

New Delhi News: ਕੇਜਰੀਵਾਲ ’ਤੇ ‘ਰਾਸ਼ਟਰ ਵਿਰੋਧੀ’ ਹੋਣ ਦਾ ਲਾਇਆ ਦੋਸ਼

ਕਾਂਗਰਸ ਦੇ ਸੀਨੀਅਰ ਨੇਤਾ ਅਜੇ ਮਾਕਨ ਨੇ ਬੁਧਵਾਰ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ‘ਰਾਸ਼ਟਰ ਵਿਰੋਧੀ’ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨਾ ਉਨ੍ਹਾਂ ਦੀ ਪਾਰਟੀ ਦੀ ਇਕ ਵੱਡੀ ਭੁੱਲ ਸੀ, ਜਿਸ ਨੂੰ ਸੁਧਾਰਨਾ ਜ਼ਰੂਰੀ ਹੈ।

ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁਧ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ‘ਵ੍ਹਾਈਟ ਪੇਪਰ’ ਜਾਰੀ ਕਰਨ ਮੌਕੇ ਕਾਂਗਰਸ ਦੇ ਖਜ਼ਾਨਚੀ ਮਾਕਨ ਨੇ ਪੱਤਰਕਾਰਾਂ ਨੂੰ ਇਹ ਵੀ ਦਸਿਆ ਕਿ ਦਿੱਲੀ ਦੀ ਦੁਰਦਸ਼ਾ ਅਤੇ ਇੱਥੇ ਉਨ੍ਹਾਂ ਦੀ ਪਾਰਟੀ ਦੇ ਕਮਜ਼ੋਰ ਹੋਣ ਦਾ ਇਕ ਵੱਡਾ, ਕਾਂਗਰਸ ਦਾ 10 ਸਾਲ ਪਹਿਲਾਂ ਕੇਜਰੀਵਾਲ ਦੀ ਅਗਵਾਈ ਵਾਲੀ ਪਹਿਲੀ ਸਰਕਾਰ ਨੂੰ ਸਮਰਥਨ ਦੇਣਾ ਸੀ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਹ ਉਨ੍ਹਾਂ ਦੇ ਨਿਜੀ ਵਿਚਾਰ ਹਨ।

ਕੇਜਰੀਵਾਲ ਦੇ ਐਲਾਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘ਜੇਕਰ ਕੇਜਰੀਵਾਲ ਨੂੰ ਇਕ ਸ਼ਬਦ ਵਿਚ ਪਰਿਭਾਸ਼ਤ ਕੀਤਾ ਜਾ ਸਕਦਾ ਹੈ ਤਾਂ ਉਹ ਸ਼ਬਦ ਹੈ ‘ਫ਼ਰਜ਼ੀਵਾਲ’। ਇਸ ਵਿਅਕਤੀ ਦੇ ਐਲਾਨ ਸਿਰਫ਼ ਫ਼ਰਜ਼ੀਵਾੜਾ ਹਨ, ਹੋਰ ਕੁੱਝ ਨਹੀਂ। ਮਾਕਨ ਨੇ ਕਿਹਾ ਕਿ ਜੇਕਰ ਉਹ (ਕੇਜਰੀਵਾਲ) ਇੰਨੇ ਹੀ ਗੰਭੀਰ ਹਨ ਤਾਂ ਪੰਜਾਬ ਵਿਚ ਇਨ੍ਹਾਂ ਕੰਮਾਂ ਨੂੰ ਕਰ ਕੇ ਦਿਖਾਉਣ ਕਿਉਂਕਿ ਉੱਥੇ ਤਾਂ ਕੋਈ ਉਪ ਰਾਜਪਾਲ ਨਹੀਂ ਹੈ।  ਉਨ੍ਹਾਂ ਸਵਾਲ ਕੀਤਾ ਕਿ ਉਹ ਝੂਠੇ ਵਾਅਦੇ ਕਰ ਕੇ ਲੋਕਾਂ ਨੂੰ ਕਿਉਂ ਗੁਮਰਾਹ ਕਰ ਰਹੇ ਹਨ?

ਮਾਕਨ ਨੇ ਕਿਹਾ, ‘ਸਾਡੀ ਪਾਰਟੀ ਵਿਚ ਹਰ ਕਿਸੇ ਨੂੰ ਅਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ। ਜਿੱਥੋਂ ਤਕ ਕੇਜਰੀਵਾਲ ਬਾਰੇ ਮੇਰੇ ਵਿਚਾਰਾਂ ਦਾ ਸਵਾਲ ਹੈ, ਤੁਹਾਡੇ (ਪੱਤਰਕਾਰਾਂ) ਤੋਂ ਬਿਹਤਰ ਕੋਈ ਨਹੀਂ ਜਾਣਦਾ। ਮੇਰਾ ਮੰਨਣਾ ਹੈ ਕਿ ਅੱਜ ਦਿੱਲੀ ਦੀ ਜੋ ਦੁਰਦਸ਼ਾ ਹੈ ਅਤੇ ਕਾਂਗਰਸ ਇੰਨੀ ਕਮਜ਼ੋਰ ਹੋਈ ਹੈ, ਤਾਂ ਇਸ ਦਾ ਕਾਰਨ ਹੈ ਕਿ 2014 ਵਿਚ ਅਸੀਂ ਉਨ੍ਹਾਂ ਦਾ 40 ਦਿਨਾਂ ਲਈ ਸਮਰਥਨ ਕੀਤਾ ਸੀ। ਦਿੱਲੀ ਦੀ ਦੁਰਦਸ਼ਾ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ।’

ਮਾਕਨ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਸਿਵਲ ਕੋਡ, ਧਾਰਾ 370 ਅਤੇ ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦਿਆਂ ’ਤੇ ਭਾਰਤੀ ਜਨਤਾ ਪਾਰਟੀ ਦੇ ਸਟੈਂਡ ਨਾਲ ਖੜੇ ਨਜ਼ਰ ਆਏ। ਉਨ੍ਹਾਂ ਦੋਸ਼ ਲਾਇਆ, ‘ਉਹ ‘ਰਾਸ਼ਟਰ ਵਿਰੋਧੀ’ ਹੈ, ਉਨ੍ਹਾਂ ਕੋਲ ਆਪਣੀਆਂ ਨਿਜੀ ਇੱਛਾਵਾਂ ਤੋਂ ਇਲਾਵਾ ਕੋਈ ਵਿਚਾਰਧਾਰਾ ਨਹੀਂ ਹੈ।’