ਓਡੀਸ਼ਾ 'ਚ ਮੁਕਾਬਲੇ ਦੌਰਾਨ 1.1 ਕਰੋੜ ਦੇ ਇਨਾਮੀ ਗਣੇਸ਼ ਸਮੇਤ ਛੇ ਨਕਸਲੀ ਢੇਰ
ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਇਸਨੂੰ ‘ਨਕਸਲ ਮੁਕਤ ਭਾਰਤ' ਬਣਾਉਣ ਵਲ ਇਕ ‘ਮਾਣਯੋਗ ਪ੍ਰਾਪਤੀ' ਦਸਿਆ|
ਭੁਵਨੇਸ਼ਵਰ: ਓਡੀਸ਼ਾ ਦੇ ਕੰਧਮਾਲ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਚੋਟੀ ਦੇ ਮਾਓਵਾਦੀ ਗਣੇਸ਼ ਉਈਕੇ ਸਮੇਤ ਛੇ ਨਕਸਲੀ ਮਾਰੇ ਗਏ| ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ| ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸਨੂੰ ਇਕ ‘ਵੱਡੀ ਸਫ਼ਲਤਾ’ ਦਸਿਆ, ਜਦੋਂ ਕਿ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਇਸਨੂੰ ‘ਨਕਸਲ ਮੁਕਤ ਭਾਰਤ’ ਬਣਾਉਣ ਵਲ ਇਕ ‘ਮਾਣਯੋਗ ਪ੍ਰਾਪਤੀ’ ਦਸਿਆ|
ਰਾਜ ਵਿਚ ਨਕਸਲ ਵਿਰੋਧੀ ਕਾਰਵਾਈਆਂ ਦੀ ਅਗਵਾਈ ਕਰਨ ਵਾਲੇ ਇਕ ਸੀਨੀਅਰ ਅਧਿਕਾਰੀ ਸੰਜੀਬ ਪਾਂਡਾ ਨੇ ਕਿਹਾ ਕਿ ਸੀਪੀਆਈ (ਮਾਓਵਾਦੀ) ਕੇਂਦਰੀ ਕਮੇਟੀ ਦਾ ਮੈਂਬਰ ਉਈਕੇ, ਓਡੀਸ਼ਾ ਵਿਚ ਪਾਬੰਦੀਸ਼ੁਦਾ ਸੰਗਠਨ ਦਾ ਮੁਖੀ ਸੀ ਅਤੇ ਉਸਦੇ ਸਿਰ ’ਤੇ 1.1 ਕਰੋੜ ਰੁਪਏ ਦਾ ਇਨਾਮੀ ਸੀ| ਬੁਧਵਾਰ ਰਾਤ ਨੂੰ ਬੇਲਘਰ ਥਾਣਾ ਖੇਤਰ ਦੇ ਗੁਮਾ ਜੰਗਲ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਛੱਤੀਸਗੜ੍ਹ ਦੇ ਦੋ ਮਾਓਵਾਦੀ ਮਾਰੇ ਗਏ| ਉਨ੍ਹਾਂ ਕਿਹਾ ਕਿ ਵੀਰਵਾਰ ਸਵੇਰੇ ਚੱਕਾਪੜ ਪੁਲਿਸ ਸਟੇਸ਼ਨ ਖੇਤਰ ਦੇ ਜੰਗਲ ਵਿਚ ਇਕ ਹੋਰ ਮੁਕਾਬਲਾ ਹੋਇਆ, ਜਿਸ ਵਿਚ ਉਈਕੇ ਅਤੇ ਚਾਰ ਹੋਰ ਮਾਓਵਾਦੀ ਮਾਰੇ ਗਏ|
ਅਧਿਕਾਰੀ ਨੇ ਕਿਹਾ, ‘ਮੁਕਾਬਲੇ ਵਿਚ ਚਾਰ ਮਾਓਵਾਦੀ ਮਾਰੇ ਗਏ| ਉਨ੍ਹਾਂ ਵਿਚੋਂ ਇਕ ਦੀ ਪਛਾਣ ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਦੇ ਚੇਂਦੂਰ ਮੰਡਲ ਦੇ ਪੁਲੇਮਾਲਾ ਪਿੰਡ ਦੇ ਨਿਵਾਸੀ 69 ਸਾਲਾ ਗਣੇਸ਼ ਉਈਕੇ ਵਜੋਂ ਹੋਈ ਹੈ|’’ ਅਧਿਕਾਰੀ ਨੇ ਕਿਹਾ ਕਿ ਦੋ ਔਰਤਾਂ ਸਮੇਤ ਬਾਕੀ ਤਿੰਨ ਮਾਓਵਾਦੀਆਂ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ|