26 ਜਨਵਰੀ : ਆਜ਼ਾਦੀ ਸੰਗਰਾਮ ਤੋਂ ਬਾਅਦ ਇਸ ਦਿਨ ਮਿਲਿਆ ਸੀ ਭਾਰਤ ਨੂੰ ਆਪਣਾ ਸੰਵਿਧਾਨ

ਖ਼ਬਰਾਂ, ਰਾਸ਼ਟਰੀ

ਸਹੀ 2:30 ਵਜੇ ਬਾਅਦ ਦੁਪਹਿਰ ਰਾਸ਼ਟਰਪਤੀ, ਗਵਰਨਮੈਂਟ ਹਾਊਸ ਵਿੱਚ ਇੱਕ 35 ਸਾਲ ਪੁਰਾਣੀ ਪਰ ਮੌਕੇ ’ਤੇ ਸ਼ਿੰਗਾਰੀ ਹੋਈ ਵਿਸ਼ੇਸ਼ ਬੱਘੀ ਵਿੱਚ ਬਾਹਰ ਆਏ। ਇਸ ਬੱਘੀ ਨੂੰ ਛੇ ਹੱਟੇ-ਕੱਟੇ ਆਸਟਰੇਲਿਆਈ ਘੋਡ਼ੇ ਜੋਡ਼ੇ ਹੋਏ ਸਨ ਤੇ ਰਾਸ਼ਟਰਪਤੀ ਦੇ ਬਾਡੀਗਾਰਡ ਇਸ ਨੂੰ ਐਸਕਾਰਟ ਕਰ ਰਹੇ ਸਨ। 

ਇਰਵਿਨ ਸਟੇਡੀਅਮ ਜੈ-ਜੈਕਾਰ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਸੀ ਤੇ ਲੋਕ ਰੁੱਖਾਂ, ਇਮਾਰਤਾਂ ਤੇ ਜੋ ਸੰਭਵ ਥਾਵਾਂ ਸਨ, ’ਤੇ ਚਡ਼੍ਹ ਕੇ ਖੁਸ਼ੀ ਵਿੱਚ ਜੈ-ਜੈਕਾਰ ਕਰ ਰਹੇ ਸਨ। ਰਾਸ਼ਟਰਪਤੀ ਹੱਥ ਜੋਡ਼ ਕੇ ਇਨ੍ਹਾਂ ਦਾ ਹੁੰਗਾਰਾ ਭਰ ਰਹੇ ਸਨ। ਪੂਰੇ 3:45 ਵਜੇ ਇਹ ਬੱਘੀ ਇਰਵਿਨ ਸਟੇਡੀਅਮ ਵਿੱਚ ਪੁੱਜੀ ਜਿੱਥੇ 3000 ਅਫਸਰ ਤੇ ਤਿੰਨੇ ਭਾਰਤੀ ਸੈਨਾਵਾਂ ਦੇ ਦੋ ਜਰਨੈਲ ਤੇ ਪੁਲੀਸ ਰਸਮੀ ਪਰੇਡ ਲਈ ਤਣੇ ਹੋਏ ਸਨ। 

ਸੱਤ ਮਾਸ ਬੈਂਡ ਵਾਲੇ ਪੁਲੀਸ ਤੇ ਫੌਜੀ ਬਲਾਂ ਨੇ ਉਸ ਸਮੇਂ ਕਮਾਲ ਦਾ ਦ੍ਰਿਸ਼ ਪੇਸ਼ ਕੀਤਾ ਸੀ। ਭਾਰਤ ਦੀ ਪਹਿਲੀ ਫੋਟੋ ਪੱਤਰਕਾਰ ਹੋਮਾਇਵਿਆਰਵਾਲਾ ਵੱਲੋਂ ਇਸ ਸਮੇਂ ਦੀਆਂ ਖਿੱਚੀਆਂ ਤਸਵੀਰਾਂ ਵੀ ਇਤਿਹਾਸਕ ਹਨ। ਸਟੇਡੀਅਮ ਵਿੱਚ ਪੁਰਾਣੇ ਕਿਲੇ ਦੇ ਪਿਛੋਕਡ਼ ਵਿੱਚ ਮਾਰਚ ਕਰਦੇ ਸੈਨਿਕ, ਸਹੁੰ ਚੁੱਕਦੇ ਡਾ. ਰਾਜਿੰਦਰ ਪ੍ਰਸਾਦ (ਹੁਣ ਦੇ ਵਿਜੇ ਚੌਕ ਵਿੱਚ ਬਿਨਾਂ ਕਿਸੇ ਸੁਰੱਖਿਆ ਦੇ) ਅੱਜ ਵੀ ਉਨ੍ਹਾਂ ਪਲਾਂ ਦੀ ਵਿਲੱਖਣ ਦਾਸਤਾਂ ਬਿਆਨਦੇ ਹਨ।