ਅਦਾਲਤ ਵਲੋਂ ਜੀ ਕੇ ਤੇ ਹੋਰਨਾਂ ਵਿਰੁਧ ਰੀਕਾਰਡ ਜ਼ਬਤ ਕਰਨ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਲੱਖ ਕੈਨੇਡੀਅਨ ਡਾਲਰ ਦੀ ਹੇਰਾਫੇਰੀ ਤੇ ਹੋਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਮਾਮਲੇ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ.....

Manjinder Singh Sirsa

ਨਵੀਂ ਦਿੱਲੀ:  ਇਕ ਲੱਖ ਕੈਨੇਡੀਅਨ ਡਾਲਰ ਦੀ ਹੇਰਾਫੇਰੀ ਤੇ ਹੋਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਮਾਮਲੇ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਤੇ ਹੋਰਨਾਂ ਵਿਰੁਧ ਅਦਾਲਤੀ ਹੁਕਮਾਂ 'ਤੇ ਐਫਆਈਆਰ ਦਰਜ ਹੋਣ ਪਿਛੋਂ ਪਟਿਆਲਾ ਹਾਊਸ ਅਦਾਲਤ ਨੇ ਅੱਜ ਦਿੱਲੀ ਪੁਲਿਸ ਨੂੰ ਦਿੱਲੀ ਗੁਰਦਵਾਰਾ ਕਮੇਟੀ ਦੇ ਦਫ਼ਤਰ ਤੋਂ ਲੋੜੀਂਦਾ ਰੀਕਾਰਡ ਜ਼ਬਤ ਕਰਨ ਦੇ ਹੁਕਮ ਦਿੰਦਿਆਂ ਪੰਜ ਦਿਨਾਂ ਵਿਚ ਆਪਣੀ ਰੀਪੋਰਟ ਦੇਣ ਦੀ ਹਦਾਇਤ ਦਿਤੀ ਹੈ। 
ਮਾਮਲੇ ਦੀ ਅਗਲੀ ਸੁਣਵਾਈ 7 ਫ਼ਰਵਰੀ ਨੂੰ ਹੋਵੇਗੀ। 

ਇਸ ਮਾਮਲੇ ਦੇ ਪਟੀਸ਼ਨਰ ਤੇ ਦਿੱਲੀ  ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਾਦਲ ਦਲ ਤੋਂ ਬਾਗ਼ੀ ਮੈਂਬਰ ਸ.ਗੁਰਮੀਤ ਸਿੰਘ ਸ਼ੰਟੀ ਦੇ ਵਕੀਲ ਰਜਿੰਦਰ ਛਾਬੜਾ ਨੇ ਅਦਾਲਤ ਵਿਚ ਕਿਹਾ ਸੀ ਕਿ ਪ੍ਰਧਾਨ ਤੇ ਹੋਰਨਾਂ ਦੋਸ਼ੀਆਂ ਵਿਰੁਧ ਦਿੱਲੀ ਪੁਲਿਸ ਦਾ ਪੜਤਾਲੀਆ ਅਫ਼ਸਰ ਸਹੀ ਢੰਗ ਨਾਲ ਪੜਤਾਲ ਨਹੀਂ ਕਰ ਰਿਹਾ ਤੇ ਇਸ ਲਈ ਦੋਸ਼ੀਆਂ ਦੇ ਦਫ਼ਤਰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਲੋੜੀਂਦਾ ਰੀਕਾਰਡ, ਸੀਸੀਟੀਵੀ ਫੁਟੇਜ ਆਦਿ ਜ਼ਬਤ ਕੀਤੀ ਜਾਵੇ। ਇਸ ਪਿਛੋਂ ਅਦਾਲਤ ਨੇ ਇਹ ਹਦਾਇਤ ਦਿਤੀ।

ਮੈਟਰੋਪੋਲੀਟੇਨ ਮੈਜਿਸਟ੍ਰੇਟ ਪ੍ਰੀਤੀ ਪਰੇਵਾ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਵੀ ਨੋਟਿਸ ਜਾਰੀ ਕਰ ਕੇ, ਪੰਜ ਦਿਨ ਵਿਚ ਆਪਣਾ ਜਵਾਬ ਦਾਖਲ ਕਰਨ ਦੀ ਹਦਾਇਤ ਦਿਤੀ ਹੈ ਕਿਉਂਕਿ ਦਿੱਲੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰ ਕੇ, ਪਟੀਸ਼ਨਰ ਨੇ ਦੋਸ਼ੀਆਂ ਵਿਰੁਧ ਪੜਤਾਲ ਕ੍ਰਾਈਮ ਬ੍ਰਾਂਚ ਹਵਾਲੇ ਕਰਨ ਦੀ ਮੰਗ ਕੀਤੀ ਹੈ। ਅਦਾਲਤ ਵਿਚ ਪੜਤਾਲੀਆ ਅਫ਼ਸਰ ਵਿਜੇ ਪਾਲ ਨੇ ਪੇਸ਼ ਹੋ ਕੇ, ਦਿੱਲੀ ਗੁਰਦਵਾਰਾ ਕਮੇਟੀ ਦੇ ਦਫ਼ਤਰ ਤੋਂ ਹੁਣ ਜ਼ਬਤ ਕੀਤੇ ਗਏ 18 ਕਾਗਜ਼ਾਤਾਂ ਦੇ ਵੇਰਵੇ ਦਰਜ ਕਰਵਾਏ ਹਨ, ਇਸ ਵਿਚ ਕਮੇਟੀ ਦਾ 30 ਜੂਨ 2016 ਦਾ ਦਫ਼ਤਰੀ ਨੋਟ ਵੀ ਸ਼ਾਮਲ ਹੈ,

ਜਿਸ ਮੁਤਾਬਕ ਕਮੇਟੀ ਵਲੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਇਕ ਲੱਖ ਕੈਨੇਡੀਅਨ ਡਾਲਰ ਜਿਸਦੀ ਭਾਰਤੀ ਕਰੰਸੀ ਮੁਤਾਬਕ 51 ਲੱਖ, 5 ਹਜ਼ਾਰ 777 ਰੁਪਏ ਤੇ 20 ਪੈਸੇ ਬਣਦੇ ਹਨ, ਦੇਣ ਦੀ ਪ੍ਰਵਾਨਗੀ ਦਾ ਦਾਅਵਾ ਕੀਤਾ ਗਿਆ ਹੈ। ਇਸੇ ਰਕਮ ਦੀ ਟਕਸਾਲ ਨੂੰ ਅਦਾਇਗੀ ਹੋਣ ਪਿਛੋਂ ਟਕਸਾਲ ਵਲੋਂ ਜਾਰੀ ਕੀਤੀ ਗਈ ਰਸੀਦ ਵੀ ਸ਼ਾਮਲ ਹੈ ਤੇ ਇਸੇ ਰਕਮ ਦੇ ਬੈਂਕ ਖਾਤੇ ਵਿਚ ਆਉਣ ਦੀ ਬੈਂਕ ਸਟੇਟਮੈਂਟ ਦੇ ਇਕ ਪੰਨੇ ਦੀ ਫੋਟੋ ਕਾਪੀ ਵੀ ਸ਼ਾਮਲ ਹੈ।