ਭਾਰਤ 'ਚ ਹਨ ਦੁਨੀਆਂ ਭਰ ਦੇ 50 ਫ਼ੀ ਸਦੀ ਤੋਂ ਵੱਧ ਕੁਸ਼ਟ ਰੋਗੀ : ਵਿਸ਼ਵ ਸਿਹਤ ਸੰਗਠਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰ ਸਾਲ ਕੁਸ਼ਟ ਦੇ 2 ਲੱਖ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਵਿਚ 50 ਫ਼ੀ ਸਦੀ ਮਾਮਲੇ ਭਾਵ ਕਿ ਲਗਭਗ 1 ਲੱਖ ਮਰੀਜ਼ ਸਿਰਫ ਭਾਰਤ ਵਿਚ ਹਨ। 

Leprosy patients

ਨਵੀਂ ਦਿੱਲੀ : ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਭਰ ਵਿਚ ਹਰ ਸਾਲ ਕੁਸ਼ਟ ਰੋਗੀਆਂ ਦੇ ਲਗਭਗ 2 ਲੱਖ ਮਾਮਲੇ ਸਾਹਮਣੇ ਆਉਂਦੇ ਹਨ ਅਤੇ ਇਹਨਾਂ ਵਿਚੋਂ ਅੱਧੇ ਤੋਂ ਵੱਧ ਮਾਮਲੇ ਭਾਰਤ ਵਿਚ ਪਾਏ ਜਾਂਦੇ ਹਨ। ਸੰਗਠਨ ਨੇ ਇਹ ਵੀ ਦੱਸਿਆ ਕਿ ਭਾਰਤ ਵਿਚ ਇਸ ਬਿਮਾਰੀ ਨੂੰ ਖਤਮ ਕਰਨ ਵਿਚ 3 ਵੱਡੀਆਂ ਰੁਕਾਵਟਾਂ ਹਨ। ਪਹਿਲੀ ਰੁਕਾਵਟ ਇਹ ਹੈ ਕਿ ਸਾਡੇ ਦੇਸ਼ ਵਿਚ ਕੁਸ਼ਟ ਰੋਗ ਨੂੰ ਇਕ  ਸਰਾਪ ਵਾਂਗ ਸਮਝਿਆ ਜਾਂਦਾ ਹੈ।

ਦੂਜਾ ਇਹ ਕਿ ਇਸ ਨੂੰ ਲੈ ਕੇ ਲੋਕਾਂ ਵਿਚ ਕਈ ਤਰ੍ਹਾਂ ਦੇ ਵਹਿਮ ਹਨ ਅਤੇ ਸੱਭ ਤੋਂ ਵੱਡੀ ਰੁਕਾਵਟ ਇਹ ਕਿ ਕਸ਼ਟ ਰੋਗੀਆਂ ਦੇ ਨਾਲ ਭੇਦਭਾਵ ਵਾਲਾ ਵਤੀਰਾ ਅਪਣਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਦੱਖਣੀ ਪੂਰਬੀ ਏਸ਼ੀਆ ਦੇ ਖੇਤਰੀ ਨਿਰਦੇਸ਼ਕ ਪੂਨਮ ਖੇਤਰਪਾਲ ਸਿੰਘ ਨੇ ਦੋ ਕਾਨੂੰਨਾਂ ਨੂੰ ਖਤਮ ਕਰਨ ਲਈ ਭਾਰਤ ਦੀ ਸ਼ਲਾਘਾ ਕੀਤੀ।

ਖਤਮ ਕੀਤੇ ਗਏ ਇਹ ਦੋ ਕਾਨੂੰਨ ਕੁਸ਼ਟ ਪੀੜਤ ਲੋਕਾਂ ਵਿਰੁਧ ਭੇਦਭਾਵ ਅਤੇ ਤਲਾਕ ਲੈਣ ਲਈ ਕੁਸ਼ਟ ਰੋਗ ਨੂੰ ਵੈਧ ਆਧਾਰ ਮੰਨਣ ਦੇ ਹਨ । ਉਹਨਾਂ ਕਿਹਾ ਕਿ ਦੱਖਣੀ-ਪੂਰਬੀ ਏਸ਼ੀਆ ਖੇਤਰ, ਬ੍ਰਾਜ਼ੀਲ, ਉਪ ਸਹਾਰਾ ਅਫਰੀਕਾ ਅਤੇ ਪ੍ਰਸ਼ਾਂਤ ਇਲਾਕੇ ਵਿਚ ਕੁਸ਼ਟ ਰੋਗੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪੂਨਮ ਸਿੰਘ ਨੇ ਕਿਹਾ ਕਿ ਕੁਸ਼ਟ ਰੋਗ ਨੂੰ ਖਤਮ ਕਰਨ ਦੀ ਰਾਹ ਵਿਚ ਕੁਸ਼ਟ ਸਬੰਧੀ ਭੇਦਭਾਵ ਅਤੇ ਕੰਲਕ ਵਰਗੇ ਵਹਿਮ ਸੱਭ ਤੋਂ ਵੱਡੀਆਂ ਰੁਕਾਵਟਾਂ ਸਨ।

ਇਹੋ ਖ਼ਾਸ ਗੱਲ ਹੈ ਕਿ ਜੇਕਰ ਇਸ ਬਿਮਾਰੀ ਦਾ ਸ਼ੁਰੂਆਤ ਵਿਚ ਹੀ ਪਤਾ ਲਗਾ ਜਾਵੇ ਤਾਂ ਇਸ ਦਾ 100 ਫ਼ੀ ਸਦੀ ਇਲਾਜ ਸੰਭਵ ਹੈ। ਉਹਨਾਂ ਕਿਹਾ ਕਿ ਦੁਨੀਆਂ ਭਰ ਵਿਚ ਕੁਸ਼ਟ ਦੀ ਬਿਮਾਰੀ ਦੇ ਮਾਮਲੇ ਤੇਜ਼ੀ ਨਾਲ ਘਟੇ  ਹਨ ਪਰ ਅਜੇ ਵੀ ਹਰ ਸਾਲ ਕੁਸ਼ਟ ਦੇ 2 ਲੱਖ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਵਿਚ 50 ਫ਼ੀ ਸਦੀ ਮਾਮਲੇ ਭਾਵ ਕਿ ਲਗਭਗ 1 ਲੱਖ ਮਰੀਜ਼ ਸਿਰਫ ਭਾਰਤ ਵਿਚ ਹਨ।