ਲੁਧਿਆਣਾ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਵਧਾਇਆ ਮਾਣ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪ੍ਰੋਗਰਾਮ 'ਪਰੀਕਸ਼ਾ ਪੇ ਚਰਚਾ-2023' 'ਚ ਲਵੇਗਾ ਹਿੱਸਾ 

Representative Image

 

ਲੁਧਿਆਣਾ - ਇੱਥੋਂ ਦੇ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀ ਦੀਪਕ (17) ਨੇ ਸਾਲਾਨਾ ਪ੍ਰੋਗਰਾਮ 'ਪਰੀਕਸ਼ਾ ਪੇ ਚਰਚਾ-2023' ਦੇ ਛੇਵੇਂ ਐਡੀਸ਼ਨ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਗੱਲਬਾਤ ਕਰਨ ਲਈ ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਵੱਲੋਂ ਕਾਲ ਪ੍ਰਾਪਤ ਕਰਕੇ ਪੂਰੇ ਲੁਧਿਆਣਾ ਦਾ ਮਾਣ ਵਧਾਇਆ ਹੈ। 

ਲੁਧਿਆਣਾ ਦੇ ਜਵਾਹਰ ਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਜਮਾਤ ਦਾ ਨਾਨ-ਮੈਡੀਕਲ ਵਿਦਿਆਰਥੀ, ਦੀਪਕ ਪੂਰੇ ਪੰਜਾਬ ਵਿੱਚੋਂ ਚੁਣੇ ਗਏ ਦੋ ਵਿਦਿਆਰਥੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਗੱਲਬਾਤ ਲਈ ਨਾਮਜ਼ਦ ਕੀਤਾ ਗਿਆ ਹੈ। ਉਹ ਲੁਧਿਆਣਾ ਤੋਂ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਵਾਲਾ ਪਹਿਲਾ ਵਿਦਿਆਰਥੀ ਹੋਵੇਗਾ। 

ਇਹ ਸਮਾਗਮ 27 ਜਨਵਰੀ ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਹੋਵੇਗਾ।

ਸਾਲਾਨਾ ਇਮਤਿਹਾਨਾਂ ਤੋਂ ਪਹਿਲਾਂ ਆਯੋਜਿਤ, 'ਪਰੀਕਸ਼ਾ ਪੇ ਚਰਚਾ' ਇੱਕ ਸਲਾਨਾ ਸਮਾਗਮ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਉਹਨਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਨ, ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਸਿੱਖਿਆ ਤੇ ਪ੍ਰੀਖਿਆਵਾਂ ਨਾਲ ਸੰਬੰਧਿਤ ਮੁਸ਼ਕਿਲਾਂ ਨੂੰ ਇੱਕ ਸਾਂਝੇ ਪਲੇਟਫ਼ਾਰਮ 'ਤੇ ਲਿਆਉਣ ਦਾ ਮੌਕਾ ਦਿੰਦੇ ਹਨ।

ਦੀਪਕ ਦੀ ਚੋਣ 'ਹੱਦਾਂ ਤੋਂ ਰਹਿਤ ਸਿੱਖਿਆ' ਵਿਸ਼ੇ 'ਤੇ ਲਿਖੇ 1500 ਸ਼ਬਦਾਂ ਦੇ ਲੇਖ ਦੇ ਆਧਾਰ 'ਤੇ ਕੀਤੀ ਗਈ।

ਇਸ ਪ੍ਰਾਪਤੀ ਤੋਂ ਖੁਸ਼, ਦੀਪਕ ਦਾ ਪੱਕਾ ਵਿਸ਼ਵਾਸ ਹੈ ਕਿ ਹੇਠਲੇ ਮੱਧ ਵਰਗ ਦੇ ਵਿਦਿਆਰਥੀਆਂ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਉੱਚ-ਸਿੱਖਿਆ ਲਈ ਵੱਧ ਤੋਂ ਵੱਧ ਮੌਕੇ ਦਿੱਤੇ ਜਾਣੇ ਚਾਹੀਦੇ ਹਨ, ਕਿਉਂਕਿ ਉਨ੍ਹਾਂ ਵਿੱਚ ਸਮਰੱਥਾ ਅਤੇ ਜੋਸ਼ ਦੀ ਕੋਈ ਕਮੀ ਨਹੀਂ।

ਉਸ ਨੇ ਕਿਹਾ ਕਿ ਜੇਕਰ ਮੌਕਾ ਮਿਲਿਆ ਤਾਂ ਉਹ ਪ੍ਰਧਾਨ ਮੰਤਰੀ ਨਾਲ ਉੱਚ ਸਿੱਖਿਆ ਲਈ ਫੀਸਾਂ ਨੂੰ ਨਾਮਾਤਰ ਅਤੇ ਪਹੁੰਚ ਵਿੱਚ ਰੱਖਣ, ਦਾਖਲਾ ਪ੍ਰੀਖਿਆਵਾਂ ਵਿੱਚ ਰਿਜ਼ਰਵੇਸ਼ਨ ਪ੍ਰਣਾਲੀ ਅਤੇ ਨੌਜਵਾਨਾਂ ਵਿੱਚ ਵੱਖ-ਵੱਖ ਪ੍ਰੀਖਿਆਵਾਂ ਦੌਰਾਨ ਹੋਣ ਵਾਲੇ ਮਾਨਸਿਕ ਤਣਾਅ ਨੂੰ ਘਟਾਉਣ ਲਈ ਕਦਮ ਚੁੱਕਣ ਬਾਰੇ ਗੱਲਬਾਤ ਕਰਨੀ ਚਾਹੇਗਾ। 

ਪ੍ਰਿੰਸੀਪਲ ਕੁਲਦੀਪ ਸਿੰਘ ਨੇ ਕਿਹਾ ਕਿ ਦੀਪਕ ਨੇ ਆਪਣੀ ਸ਼ਾਨਦਾਰ ਪ੍ਰਾਪਤੀ ਸਦਕਾ ਸਭਨਾਂ ਦਾ ਅਤੇ ਖ਼ਾਸ ਕਰਕੇ ਸਕੂਲ ਦਾ ਮਾਣ ਵਧਾਇਆ ਹੈ, ਜਿਸ ਨੂੰ ਰਾਸ਼ਟਰੀ ਪੱਧਰ 'ਤੇ ਮਾਨਤਾ ਮਿਲੀ ਹੈ | 

ਉਨ੍ਹਾਂ ਕਿਹਾ, “ਅਸੀਂ ਉਸ ਨੂੰ ਸਨਮਾਨਿਤ ਕੀਤਾ ਹੈ ਅਤੇ ਅਸੀਂ ਉਸ ਨੂੰ ਇੱਕ ਰੋਲ ਮਾਡਲ ਵਜੋਂ ਪੇਸ਼ ਕਰਾਂਗੇ ਤਾਂ ਜੋ ਸਾਡੇ ਸਕੂਲ ਦੇ ਹੋਰ ਸਾਰੇ ਵਿਦਿਆਰਥੀਆਂ ਦੇ ਨਾਲ-ਨਾਲ, ਪੰਜਾਬ ਭਰ ਦੇ ਤੇ ਖ਼ਾਸ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਉਸ ਤੋਂ ਪ੍ਰੇਰਨਾ ਲੈਣ।"