11ਵੀਂ ਜਮਾਤ ਦੀ ਵਿਦਿਆਰਥਣ ਨੂੰ ਸੈਨੇਟਰੀ ਪੈਡ ਮੰਗਣ ’ਤੇ ਮਿਲੀ ਸਜ਼ਾ
ਪ੍ਰਿੰਸੀਪਲ ਨੇ ਜਮਾਤ ਬਾਹਰ ਇਕ ਘੰਟੇ ਤੋਂ ਵੱਧ ਸਮੇਂ ਤਕ ਖੜਾ ਕੀਤਾ
ਬਰੇਲੀ : ਉੱਤਰ ਪ੍ਰਦੇਸ਼ ਦੇ ਬਰੇਲੀ ’ਚ ਕੁੜੀਆਂ ਦੇ ਇੰਟਰ ਕਾਲਜ ਦੀ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਮਾਹਵਾਰੀ ਦੌਰਾਨ ਪ੍ਰਿੰਸੀਪਲ ਵਲੋਂ ਮਦਦ ਕਰਨ ਦੀ ਬਜਾਏ ਇਕ ਘੰਟੇ ਤੋਂ ਵੱਧ ਸਮੇਂ ਤਕ ਜਮਾਤ ਦੇ ਬਾਹਰ ਖੜਾ ਕੀਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਪੀੜਤਾ ਦੇ ਪਿਤਾ ਦੀ ਸ਼ਿਕਾਇਤ ’ਤੇ ਜਾਂਚ ਦੇ ਹੁਕਮ ਦਿਤੇ ਗਏ ਹਨ।
ਜ਼ਿਲ੍ਹਾ ਸਕੂਲ ਇੰਸਪੈਕਟਰ ਦੇਵਕੀ ਨੰਦਨ ਨੇ ਦਸਿਆ ਕਿ ਲੜਕੀ ਦੇ ਪਿਤਾ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀ ਬੇਟੀ ਸਨਿਚਰਵਾਰ ਨੂੰ ਇਮਤਿਹਾਨ ਦੇਣ ਲਈ ਮਾਡਲ ਟਾਊਨ ਦੇ ਗਰਲਜ਼ ਇੰਟਰ ਕਾਲਜ ਗਈ ਸੀ, ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਸ ਦਾ ਮਾਹਵਾਰੀ ਚੱਕਰ ਸ਼ੁਰੂ ਹੋ ਗਿਆ ਹੈ ਅਤੇ ਪ੍ਰਿੰਸੀਪਲ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ।
ਨੰਦਨ ਮੁਤਾਬਕ ਵਿਦਿਆਰਥਣ ਦੇ ਪਿਤਾ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਸੈਨੇਟਰੀ ਪੈਡ ਦੇਣ ਦੀ ਬਜਾਏ ਉਸ ਨੂੰ ਜਮਾਤ ਤੋਂ ਬਾਹਰ ਜਾਣ ਲਈ ਕਿਹਾ ਗਿਆ ਅਤੇ ਇਕ ਘੰਟੇ ਤੋਂ ਜ਼ਿਆਦਾ ਸਮੇਂ ਤਕ ਉਥੇ ਖੜਾ ਰੱਖਿਆ ਗਿਆ। ਕੁੜੀ ਦੇ ਪਿਤਾ ਮੁਤਾਬਕ ਸਕੂਲ ਅਧਿਕਾਰੀਆਂ ਤੋਂ ਮਦਦ ਨਾ ਮਿਲਣ ’ਤੇ ਉਨ੍ਹਾਂ ਦੀ ਬੇਟੀ ਕਰੀਬ ਇਕ ਘੰਟੇ ਬਾਅਦ ਘਰ ਪਰਤੀ ਅਤੇ ਅਪਣੀ ਮਾਂ ਨੂੰ ਘਟਨਾ ਬਾਰੇ ਦਸਿਆ।
ਅਧਿਕਾਰੀਆਂ ਨੇ ਦਸਿਆ ਕਿ ਲੜਕੀ ਦੇ ਪਿਤਾ ਨੇ ਕਥਿਤ ਘਟਨਾ ਬਾਰੇ ਜ਼ਿਲ੍ਹਾ ਮੈਜਿਸਟਰੇਟ, ਸੂਬਾ ਮਹਿਲਾ ਕਮਿਸ਼ਨ ਅਤੇ ਮਹਿਲਾ ਭਲਾਈ ਵਿਭਾਗ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ। ਨੰਦਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਪਾਏ ਜਾਣ ’ਤੇ ਸਬੰਧਤ ਵਿਅਕਤੀਆਂ ਵਿਰੁਧ ਉਚਿਤ ਕਾਰਵਾਈ ਕੀਤੀ ਜਾਵੇਗੀ।