ਅੱਜ ਗਣਤੰਤਰ ਦਿਵਸ ਪਰੇਡ ਵਿਚ ਹੋਵੇਗਾ ਭਾਰਤ ਫੌਜ ਦੀ ਤਾਕਤ ਅਤੇ ਵਿਕਾਸ ਦੀ ਕਹਾਣੀ ਦਾ ਪ੍ਰਦਰਸ਼ਨ
ਬ੍ਰਹਮੋਸ, ਆਕਾਸ਼, ਸੂਰਯਾਸਤਰ ਪ੍ਰਣਾਲੀ, ਅਰਜੁਨ ਟੈਂਕਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ
ਨਵੀਂ ਦਿੱਲੀ : ਭਾਰਤ ਸੋਮਵਾਰ ਨੂੰ 77ਵੇਂ ਗਣਤੰਤਰ ਦਿਵਸ ਦੇ ਜਸ਼ਨਾਂ ’ਚ ਅਪਣੀ ਵਿਕਾਸ ਯਾਤਰਾ, ਸਭਿਆਚਾਰਕ ਵੰਨ-ਸੁਵੰਨਤਾ ਅਤੇ ਫੌਜੀ ਤਾਕਤ ਦਾ ਪ੍ਰਦਰਸ਼ਨ ਕਰੇਗਾ, ਜਿਸ ’ਚ ਆਪ੍ਰੇਸ਼ਨ ਸੰਧੂਰ ਦੌਰਾਨ ਤਾਇਨਾਤ ਕੀਤੀਆਂ ਗਈਆਂ ਨਵੀਆਂ ਇਕਾਈਆਂ ਅਤੇ ਪ੍ਰਮੁੱਖ ਹਥਿਆਰ ਪ੍ਰਣਾਲੀਆਂ ਦੀਆਂ ਝਾਕੀਆਂ ਸ਼ਾਮਲ ਹਨ।
ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਕੌਮੀ ਰਾਜਧਾਨੀ ਵਿਚ ਹੋਣ ਵਾਲੇ ਸਮਾਗਮ ਵਿਚ ਮੁੱਖ ਮਹਿਮਾਨ ਹੋਣਗੇ।
ਕਰਤਵਯ ਪਥ ਉਤੇ ਸਮਾਗਮ ਦਾ ਮੁੱਖ ਵਿਸ਼ਾ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦਾ ਹੋਵੇਗਾ। ਰਾਸ਼ਟਰਪਤੀ ਦਰੌਪਦੀ ਮੁਰਮੂ ਸਵੇਰੇ 10:30 ਵਜੇ ਸ਼ੁਰੂ ਹੋਣ ਵਾਲੇ ਅਤੇ ਲਗਭਗ 90 ਮਿੰਟ ਤਕ ਚੱਲਣ ਵਾਲੇ ਸਮਾਰੋਹ ਦੀ ਅਗਵਾਈ ਕਰਨਗੇ।
ਇਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੌਮੀ ਜੰਗ ਸਮਾਰਕ ਦੇ ਦੌਰੇ ਨਾਲ ਹੋਵੇਗੀ, ਜਿੱਥੇ ਉਹ ਸ਼ਹੀਦ ਨਾਇਕਾਂ ਨੂੰ ਪੁਸ਼ਪਾਂਜਲੀ ਅਰਪਿਤ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਵਿਚ ਰਾਸ਼ਟਰ ਦੀ ਅਗਵਾਈ ਕਰਨਗੇ।
ਮੁਰਮੂ ਅਤੇ ਮੁੱਖ ਮਹਿਮਾਨਾਂ ਦੇ ਇਕ ‘ਰਵਾਇਤੀ ਬੱਗੀ’ ਵਿਚ ਸਮਾਗਮ ਵਾਲੀ ਥਾਂ ਉਤੇ ਪਹੁੰਚਣ ਦੀ ਉਮੀਦ ਹੈ, ਜਿਸ ਨੂੰ ਰਾਸ਼ਟਰਪਤੀ ਦੇ ਅੰਗ ਰੱਖਿਅਕ ਲੈ ਕੇ ਜਾਣਗੇ।
ਲਗਭਗ 100 ਸਭਿਆਚਾਰਕ ਕਲਾਕਾਰ ‘ਵਿਵਿਦਾਤਾ ਮੇਂ ਏਕਤਾ’ ਵਿਸ਼ੇ ਉਤੇ ਪਰੇਡ ਦੀ ਸ਼ੁਰੂਆਤ ਕਰਨਗੇ ਜੋ ਕਿ ਦੇਸ਼ ਦੀ ਏਕਤਾ ਅਤੇ ਸਮ੍ਰਿੱਧ ਸਭਿਆਚਾਰਕ ਵੰਨ-ਸੁਵੰਨਤਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਸੰਗੀਤਕ ਯੰਤਰਾਂ ਦੀ ਇਕ ਸ਼ਾਨਦਾਰ ਪੇਸ਼ਕਾਰੀ ਹੋਵੇਗੀ।
ਬ੍ਰਹਮੋਸ ਅਤੇ ਆਕਾਸ਼ ਹਥਿਆਰ ਪ੍ਰਣਾਲੀ, ਡੂੰਘੀ ਹਮਲਾ ਕਰਨ ਦੀ ਸਮਰੱਥਾ ਵਾਲਾ ਰਾਕੇਟ ਲਾਂਚਰ ਪ੍ਰਣਾਲੀ ‘ਸੂਰਿਆਸਤਰ’ ਅਤੇ ਮੁੱਖ ਜੰਗ ਟੈਂਕ ਅਰਜੁਨ ਉਨ੍ਹਾਂ ਪ੍ਰਮੁੱਖ ਫੌਜੀ ਪਲੇਟਫਾਰਮਾਂ ’ਚ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਭਾਰਤ ਸੋਮਵਾਰ ਨੂੰ ਕਰਤਵਯ ਪਥ ਉਤੇ ਗਣਤੰਤਰ ਪਰੇਡ ਦੌਰਾਨ ਪ੍ਰਦਰਸ਼ਿਤ ਕਰੇਗਾ। (ਪੀਟੀਆਈ)
ਗਣਤੰਤਰ ਦਿਵਸ ਦੀ ਸੁਰੱਖਿਆ ਲਈ ਕੇਂਦਰੀ ਦਿੱਲੀ ’ਚ ਭਾਰੀ ਸੁਰੱਖਿਆ, 10,000 ਪੁਲਿਸ ਮੁਲਾਜ਼ਮ, ਤਿੰਨ ਹਜ਼ਾਰ ਸੀ.ਸੀ.ਟੀ.ਵੀ. ਕੈਮਰੇ ਤਾਇਨਾਤ
ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਗਣਤੰਤਰ ਦਿਵਸ ਸਮਾਗਮਾਂ ਲਈ ਸੁਰੱਖਿਆ ਪ੍ਰਬੰਧ ਕੀਤੇ ਹਨ, ਨਵੀਂ ਦਿੱਲੀ ਖੇਤਰ ’ਚ ਕਰੀਬ 10,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹਨ ਅਤੇ ਬਨਾਉਟੀ ਬੁੱਧੀ (ਏ.ਆਈ.) ਨਾਲ ਸਮਰੱਥ ਸਮਾਰਟ ਗਲਾਸ ਅਤੇ ਹਜ਼ਾਰਾਂ ਸੀ.ਸੀ.ਟੀ.ਵੀ. ਕੈਮਰਿਆਂ ਸਮੇਤ ਉੱਨਤ ਨਿਗਰਾਨੀ ਉਪਕਰਣ ਤਿਆਰ ਕੀਤੇ ਹਨ। ਵਧੀਕ ਪੁਲਿਸ ਕਮਿਸ਼ਨਰ (ਨਵੀਂ ਦਿੱਲੀ) ਦੇਵੇਸ਼ ਕੁਮਾਰ ਮਹਾਲਾ ਨੇ ਕਿਹਾ, ‘‘ਕੌਮੀ ਸਮਾਗਮ ਦੌਰਾਨ ਹਿੱਸਾ ਲੈਣ ਵਾਲਿਆਂ ਅਤੇ ਦਰਸ਼ਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਖਤ ਸੁਰੱਖਿਆ ਪ੍ਰੋਟੋਕੋਲ ਲਾਗੂ ਕੀਤੇ ਗਏ ਹਨ।’’ ਉਨ੍ਹਾਂ ਕਿਹਾ ਕਿ 30 ਤੋਂ ਵੱਧ ਕੰਟਰੋਲ ਰੂਮ, ਜਿਨ੍ਹਾਂ ਵਿਚ ਲਗਭਗ 150 ਕਰਮਚਾਰੀ ਸ਼ਾਮਲ ਹਨ, ਚੌਵੀ ਘੰਟੇ ਇਨ੍ਹਾਂ ਕੈਮਰਿਆਂ ਤੋਂ ਸਿੱਧੇ ਪ੍ਰਸਾਰਣ ਦੀ ਨਿਗਰਾਨੀ ਕਰਨਗੇ। ਇਕ ਵੱਡੇ ਤਕਨੀਕੀ ਕਦਮ ’ਚ, ਜ਼ਮੀਨੀ ਪੱਧਰ ਉਤੇ ਪੁਲਿਸ ਕਰਮਚਾਰੀਆਂ ਨੂੰ ਐੱਫ.ਆਰ.ਐੱਸ. ਅਤੇ ਵੀਡੀਉ ਵਿਸ਼ਲੇਸ਼ਣ ਨਾਲ ਏਕੀਕ੍ਰਿਤ ਏ.ਆਈ. ਗਲਾਸ ਨਾਲ ਵੀ ਲੈਸ ਕੀਤਾ ਜਾਵੇਗਾ।