ਅਸਾਮ ਜ਼ਹਿਰੀਲੀ ਸ਼ਰਾਬ ਕਾਂਡ: ਮ੍ਰਿਤਕਾਂ ਦੀ ਗਿਣਤੀ 157 ਤਕ ਪੁੱਜੀ, 22 ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਭਾਵਤ ਜੋਰਹਾਟ ਅਤੇ ਗੋਲਾਘਾਟ ਜ਼ਿਲ੍ਹਿਆਂ ਦੇ ਵੱਖ ਵੱਖ ਹਸਪਤਾਲਾਂ ਵਿਚ 300 ਤੋ ਵਧੇਰੇ ਲੋਕ ਜ਼ੇਰੇ ਇਲਾਜ ਹਨ........

Assam Poisonous Liquor Case

ਗੁਹਾਟੀ : ਅਸਾਮ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 157 ਤਕ ਪਹੁੰਚ ਗਈ ਹੈ। ਪ੍ਰਭਾਵਤ ਜੋਰਹਾਟ ਅਤੇ ਗੋਲਾਘਾਟ ਜ਼ਿਲ੍ਹਿਆਂ ਦੇ ਵੱਖ ਵੱਖ ਹਸਪਤਾਲਾਂ ਵਿਚ 300 ਤੋ ਵਧੇਰੇ ਲੋਕ ਜ਼ੇਰੇ ਇਲਾਜ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਦਸਿਆ ਕਿ ਇਸ ਘਟਨਾ ਸਬੰਧੀ 22 ਲੋਕਾਂ ਨੂੰ  ਗ੍ਰਿਫ਼ਤਾਰ ਕੀਤਾ ਗਿਆ ਹੈ। ਮ੍ਰਿਤਕਾਂ ਵਿਚ ਜ਼ਿਆਦਾਤਰ ਚਾਹ ਦੇ ਬਾਗਾਂ ਦੇ ਕਾਂਮੇ ਸ਼ਾਮਲ ਹਨ। ਬੀਤੇ ਬੁੱਧਵਾਰ ਦੀ ਰਾਤ ਨੂੰ ਹੋਈ ਇਸ ਘਟਨਾ ਵਿਚ ਮ੍ਰਿਤਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਵਿਰੋਧੀ ਕਾਂਗਰਸ ਨੇ ਇਸ ਘਟਨਾ ਲਈ ਭਾਜਪਾ ਸਰਕਾਰ ਦੀ ਸਖ਼ਤ ਨਿੰਦਿਆ ਕੀਤੀ ਹੈ

ਅਤੇ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਨ ਦੀ ਮੰਗ ਕਰਦਿਆਂ ਕਿਹਾ, ''ਅਸਮ ਦੇ ਇਤਿਹਾਸ ਵਿਚ ਇਸ ਤਰ੍ਹਾਂ ਦੀ ਤ੍ਰਾਸਦੀ ਕਦੇ ਨਹੀਂ ਹੋਈ ਸੀ।''
ਇਕ ਅਧਿਕਾਰੀ ਨੇ ਦਸਿਆ ਕਿ ਅਸਮ ਦੇ ਆਬਕਾਰੀ ਮੰਤਰੀ ਪਰੀਮਲ ਸ਼ੁਕਲਾ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਸ਼ਰਾਬ ਦੀ ਵਿਕਰੀ ਅਤੇ ਉਤਪਾਦਨ ਨੂੰ ਨੱਥ ਪਾਉਣ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਹੁਕਮ ਦਿਤੇ ਹਨ। ਰਾਜ ਸਰਕਾਰ ਨੇ ਸ਼ਰਾਬ ਬਣਾਉਣ ਲਈ ਵਰਤੇ ਜਾਣ ਵਾਲੇ 'ਲਾਲੀ ਗੁੜ' ਦੀ ਵਿਕਰੀ 'ਤੇ ਵੀ ਰੋਕ ਲਾ ਦਿਤੀ ਹੈ। 
ਪੁਲਿਸ ਨੇ ਦਸਿਆ ਕਿ ਇਸ ਘਟਨਾ ਸਬੰਧੀ ਦੋਹਾਂ ਜ਼ਿਲ੍ਹਿਆਂ ਤੋਂ ਕੁੱਲ 22 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜ਼ਹਿਰੀਲੀ ਸ਼ਰਾਬ ਕਾਂਡ ਦੇ ਵਿਰੋਧ ਵਿਚ ਸੋਮਵਾਰ ਨੂੰ ਗੋਲਾਘਾਟ 'ਚ ਕਈ ਜਥੇਬੰਦੀਆਂ ਨੇ ਮਾਰਚ ਕੀਤਾ ਅਤੇ ਸ਼ੁਕਲ ਵੈਦ ਦਾ ਪੁਤਲਾ ਫ਼ੂਕਿਆ। ਇਸ ਦੌਰਾਨ ਘਟਨਾ ਦੀ ਨਿੰਦਿਆ ਕਰਦਿਆਂ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਨੇ ਇਸ ਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ। ਉਨ੍ਹਾਂ ਕਿਹਾ, ''ਰਾਜ ਸਰਕਾਰ ਨੂੰ ਇਨ੍ਹਾਂ ਮੌਤਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਇਸ ਮੁੱਦੇ 'ਤੇ ਚਰਚਾ ਲਈ ਸਰਵ ਪਾਰਟੀ ਬੈਠਕ ਸੱਦਣੀ ਚਾਹੀਦੀ ਹੈ।''

ਮੁੱਖ ਮੰਤਰੀ ਸਬਰਾਨੰਦ ਸੋਨੋਵਾਲ ਨੇ ਸ਼ੁਕਰਵਾਰ ਨੂੰ ਇਸ ਘਟਨਾ ਦੀ ਜਾਂਚ ਦਾ ਹੁਕਮ ਦਿਤਾ ਸੀ ਅਤੇ ਉਨ੍ਹਾਂ ਨਾਲ ਸਿਹਤ ਮੰਤਰੀ ਹੇਮੰਤ ਵਿਸ਼ਵਸ਼ਰਮਾ ਨੇ ਜੇ.ਐਮ.ਸੀ.ਐਚ. ਵਿਚ ਭਰਤੀ ਲੋਕਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਸੀ। ਸੋਨੋਵਾਲ ਨੇ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ 2-2 ਲੱਖ ਰੁਪਏ ਅਤੇ ਬੀਮਾਰ ਲੋਕਾਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਸੀ। (ਪੀਟੀਆਈ)