ਵਾਡਰਾ ਤੋਂ ਪੁੱਛ-ਪੜਤਾਲ 'ਤੇ ਰੋਕ ਲਾਉਣ ਤੋਂ ਅਦਾਲਤ ਦਾ ਇਨਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀ ਅਦਾਲਤ ਨੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ 'ਚ ਇਨਫ਼ੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀ ਜਾ ਰਹੀ ਪੁੱਛ-ਪੜਤਾਲ ਰੋਕਣ.....

Robert Vadra

ਨਵੀਂ ਦਿੱਲੀ : ਦਿੱਲੀ ਦੀ ਅਦਾਲਤ ਨੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ 'ਚ ਇਨਫ਼ੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀ ਜਾ ਰਹੀ ਪੁੱਛ-ਪੜਤਾਲ ਰੋਕਣ ਦੀ ਅਪੀਲ ਕਰਨ ਵਾਲੀ ਰਾਬਰਟ ਵਾਡਰਾ ਦੀ ਅਰਜ਼ੀ ਖ਼ਾਰਜ ਕਰਦਿਆਂ ਉਨ੍ਹਾਂ ਨੂੰ ਮੰਗਲਵਾਰ ਤੋਂ ਜਾਂਚ 'ਚ ਸਹਿਯੋਗ ਕਰਨ ਨੂੰ ਕਿਹਾ ਹੈ।ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਕਿਹਾ ਕਿ ਸੋਮਵਾਰ ਨੂੰ ਈ.ਡੀ. ਨੂੰ ਹੁਕਮ ਦਿਤਾ ਗਿਆ ਕਿ ਵਾਡਰਾ ਨੂੰ ਉਨ੍ਹਾਂ ਦੇ ਦਫ਼ਤਰ ਤੋਂ ਪਿਛਲੇ ਸਾਲ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੀ ਕਾਪੀ ਪੰਜ ਦਿਨਾਂ ਅੰਦਰ ਮੁਹੱਈਆ ਕਰਵਾਈ ਜਾਵੇ।

ਅਦਾਲਤ 'ਚ ਈ.ਡੀ. ਦੀ ਜਾਂਚ ਰੋਕਣ ਦਾ ਹੁਕਮ ਦੇਣ ਦੀ ਅਪੀਲ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਲਈ ਅਗਲੀ ਮਿਤੀ ਦੋ ਮਾਰਚ ਤੈਅ ਕੀਤੀ ਗਈ ਹੈ। ਈ.ਡੀ. ਨੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਇਕ ਮਾਮਲੇ 'ਚ ਪਿਛਲੇ ਸਾਲ ਵਾਡਰਾ ਦਫ਼ਤਰ 'ਚ ਛਾਪੇਮਾਰੀ ਕਰ ਕੇ ਇਹ ਦਸਤਾਵੇਜ਼ ਜ਼ਬਤ ਕੀਤੇ ਸਨ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜਾ ਵਾਡਰਾ ਵਿਦੇਸ਼ਾਂ 'ਚ ਜਾਇਦਾਦਾਂ ਦੀ ਕਥਿਤ ਖ਼ਰੀਦ ਅਤੇ ਰਾਜਸਥਾਨ ਦੇ ਬੀਕਾਨੇਰ 'ਚ ਕਥਿਤ ਜ਼ਮੀਨ ਘਪਲਾ ਮਾਮਲਿਆਂ 'ਚ ਮੁਲਜ਼ਮ ਹਨ। (ਪੀ.ਟੀ.ਆਈ)

ਵਾਡਰਾ ਨੇ ਸਨਿਚਰਵਾਰ ਨੂੰ ਅਦਾਲਤ 'ਚ ਅਰਜ਼ੀ ਦੇ ਕੇ ਕਿਹਾ ਸੀ ਕਿ ਈ.ਡੀ. ਜ਼ਬਤ ਦਸਤਾਵੇਜ਼ਾਂ ਦੇ ਆਧਾਰ 'ਤੇ ਉਨ੍ਹਾਂ ਤੋਂ ਪੁੱਛ-ਪੜਤਾਲ ਕਰ ਰਿਹਾ ਹੈ। ਇਸ ਲਈ ਉਨ੍ਹਾਂ ਨੂੰ ਸਾਰੇ ਦਸਤਾਵੇਜ਼ਾਂ ਦੀ ਕਾਪੀ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ। ਏਜੰਸੀ ਨੇ 7 ਦਸੰਬਰ, 2018 ਨੂੰ ਦਿੱਲੀ 'ਚ ਵਾਡਰਾ ਦੇ ਦਫ਼ਤਰਾਂ 'ਚ ਛਾਪੇਮਾਰੀ ਕੀਤੀ ਸੀ।  (ਪੀਟੀਆਈ)