ਕੌਮੀ ਜੰਗੀ ਸਮਾਰਕ ਦੇਸ਼ ਨੂੰ ਸਮਰਪਿਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੀ ਰਾਜਧਾਨੀ 'ਚ ਇੰਡੀਆ ਗੇਟ ਕੋਲ ਕੌਮੀ ਜੰਗੀ ਸਮਾਰਕ ਦੇਸ਼ ਨੂੰ ਸਮਰਪਿਤ ਕਰ ਦਿਤਾ..........

National War Memorial

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੀ ਰਾਜਧਾਨੀ 'ਚ ਇੰਡੀਆ ਗੇਟ ਕੋਲ ਕੌਮੀ ਜੰਗੀ ਸਮਾਰਕ ਦੇਸ਼ ਨੂੰ ਸਮਰਪਿਤ ਕਰ ਦਿਤਾ। ਇਹ ਸਮਾਰਕ ਆਜ਼ਾਦੀ ਤੋਂ ਬਾਅਦ ਹੁਣ ਤਕ ਦੇਸ਼ ਲਈ ਅਪਣੀ ਜਾਨ ਵਾਰਨ ਵਾਲੇ ਫ਼ੌਜੀਆਂ ਦੇ ਮਾਣ 'ਚ ਬਣਾਇਆ ਗਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ 'ਮਾਂ ਭਾਰਤੀ ਲਈ ਕੁਰਬਾਨੀ ਦੇਣ ਵਾਲਿਆਂ ਦੀ ਯਾਦ 'ਚ ਬਣਾਏ ਰਾਸ਼ਟਰੀ ਸਮਰ ਸਮਾਰਕ, ਆਜ਼ਾਦੀ ਦੇ ਸੱਤ ਦਹਾਕਿਆਂ ਤੋਂ ਬਾਅਦ ਉਨ੍ਹਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।' ਕੌਮੀ ਜੰਗੀ ਸਮਾਰਕ ਦੀ ਮੰਗ ਕਈ ਦਹਾਕਿਆਂ ਤੋਂ ਲਗਾਤਾਰ ਹੋ ਰਹੀ ਸੀ।

ਇਸ ਮੌਕੇ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਸਾਨੂੰ ਕਈ ਦਹਾਕਿਆਂ ਤੋਂ ਇਸ ਕੌਮੀ ਜੰਗੀ ਦੀ ਉਡੀਕ ਸੀ। ਇਹ ਸਮਾਰਕ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਬਹਾਦੁਰ ਫ਼ੌਜੀਆਂ ਦੇ ਸਮਰਪਣ ਅਤੇ ਕੁਰਬਾਨੀ ਦੀ ਯਾਦ ਦਿਵਾਏਗਾ ਅਤੇ ਪ੍ਰੇਰਿਤ ਕਰੇਗਾ। ਉਨ੍ਹਾਂ ਇਸ ਮੌਕੇ ਵਨ ਰੈਂਕ, ਵਨ ਪੈਨਸ਼ਨ ਸਮੇਤ ਸਾਬਕਾ ਅਤੇ ਮੌਜੂਦਾ ਫ਼ੌਜੀਆਂ ਦੀ ਭਲਾਈ ਲਈ ਉਨ੍ਹ ਦੀ ਸਰਕਾਰ ਦੇ ਕੰਮਾਂ ਦਾ ਵੀ ਜ਼ਿਕਰ ਕੀਤਾ। ਇਹ ਸਮਾਰਕ ਉਨ੍ਹਾਂ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੰਦਾ ਹੈ ਜਿਨ੍ਹਾਂ ਨੇ 1947 ਦੀ ਜੰਗ, 1962 'ਚ ਭਾਰਤ-ਚੀਨ ਜੰਗ,

1965 ਅਤੇ 1971 'ਚ ਭਾਰਤ-ਪਾਕਿ ਜੰਗਾਂ, 1999 'ਚ ਕਾਰਗਿਲ ਸੰਘਰਸ਼ ਅਤੇ ਸ੍ਰੀਲੰਕਾ 'ਚ ਭਾਰਤੀ ਸ਼ਾਂਤੀ ਫ਼ੌਜੀ ਦੀ ਮੁਹਿੰਮ ਦੌਰਾਨ ਦੇਸ਼ ਦੀ ਰਾਖੀ ਲਈ ਅਪਣੀ ਜ਼ਿੰਦਗੀ ਵਾਰੀ। ਪ੍ਰਧਾਨ ਮੰਤਰੀ ਮੋਦੀ ਨੇ 40 ਏਕੜ 'ਚ ਫੈਲੇ ਜੰਗੀ ਸਮਾਰਕ ਨੂੰ ਦੇਸ਼ ਨੂੰ ਸਮਰਪਿਤ ਕੀਤਾ ਜਿਸ ਦੀ ਕੁਲ ਲਾਗਤ 176 ਕਰੋੜ ਰੁਪਏ ਹੈ। ਇਕ ਕੌਮਾਂਤਰੀ ਮੁਕਾਬਲੇ ਰਾਹੀਂ ਇਸ ਦਾ ਡਿਜ਼ਾਇਨ ਚੁਣਿਆ ਗਿਆ। ਆਜ਼ਾਦੀ ਤੋਂ ਬਾਅਦ ਸ਼ਹੀਦ ਹੋਏ 25,942 ਭਾਰਤੀ ਫ਼ੌਜੀਆਂ ਦੇ ਨਾਂ ਇੱਥੇ ਪੱਥਰਾਂ 'ਤੇ ਲਿਖੇ ਗÂੈ ਹਨ। ਸਮਾਰਕ ਦੇ ਮੁੱਖ ਢਾਂਚੇ ਨੂੰ ਚਾਰ ਚੱਕਰਾਂ ਦੇ ਰੂਪ 'ਚ ਬਣਾਇਆ ਗਿਆ ਹੈ,

ਜਿਨ੍ਹਾਂ 'ਚੋਂ ਹਰ ਕੋਈ ਹਥਿਆਰਬੰਦ ਬਲਾਂ ਦੇ ਵੱਖੋ-ਵੱਖ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ। ਚੱਕਰਵਿਊਹ ਦੀ ਬਣਤਰ ਤੋਂ ਪ੍ਰੇਰਣਾ ਲੈਂਦਿਆਂ ਇਸ ਨੂੰ ਬਣਾਇਆ ਗਿਆ ਹੈ। ਇਨ੍ਹਾਂ ਚੱਕਰਾਂ 'ਚ ਅਮਰ ਚੱਕਰ, ਵੀਰ ਚੱਕਰ, ਤਿਆਗ ਚੱਕਰ ਅਤੇ ਰਖਿਆ ਚੱਕਰ ਸ਼ਾਮਲ ਹਨ। ਇਨ੍ਹਾਂ 'ਚ ਚਾਰ ਚੋਰਸ ਕਮਰੇ ਹਨ ਅਤੇ ਇਕ ਯਾਦਗਾਰ ਸਤੰਭ ਵੀ ਹੋਵੇਗਾ ਜਿਸ ਦੇ ਹੇਠਾਂ ਅਖੰਡ ਜਯੋਤੀ ਜਗਦੀ ਰਹੇਗੀ।

ਇਸ 'ਚ 21 ਪਰਮਵੀਰ ਚੱਕਰਾਂ ਦੇ ਜੇਤੂਆਂ ਦੀ ਮੂਰਤੀਆਂ ਵੀ ਹਨ। ਇਨ੍ਹਾਂ 'ਚੋਂ ਤਿਆਗ ਚੱਕਰ 'ਚ 16 ਕੰਧਾਂ ਦੀ ਉਸਾਰੀ ਕੀਤੀ ਗਈ ਹੈ ਜਿੱਥੇ 25,942 ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਦਾ ਵਾਅਦਾ ਕੀਤਾ ਸੀ ਅਤੇ 2015 'ਚ ਮਨਜ਼ੂਰੀ ਦਿਤੀ ਸੀ। ਉਨ੍ਹਾਂ ਨੇ ਅੱਜ ਇਸ ਦਾ ਉਦਘਾਟਨ ਕੀਤਾ। ਪਹਿਲੀ ਵਾਰੀ 1960 'ਚ ਕੌਮੀ ਜੰਗੀ ਸਮਾਰਕ ਬਣਾਉਣ ਦੀ ਤਜਵੀਜ਼ ਫ਼ੌਜ ਵਲੋਂ ਦਿਤੀ ਗਈ ਸੀ। (ਪੀਟੀਆਈ)