ਸਿੱਖ ਕਤਲੇਆਮ: ਜਸਟਿਸ ਸੰਜੀਵ ਖੰਨਾ ਨੇ ਸੱਜਣ ਕੁਮਾਰ ਦੀ ਅਪੀਲ 'ਤੇ ਸੁਣਵਾਈ ਤੋਂ ਖ਼ੁਦ ਨੂੰ ਕੀਤਾ ਅਲੱਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਦੇ ਜੱਜ ਸੰਜੀਵ ਖੰਨਾ ਨੇ 1984 ਦੇ ਸਿੱਖ ਕਤਲੇਆਮ ਨਾਲ ਸਬੰਧੀ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਪ੍ਰਾਪਤ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ......

Sajjan Kumar

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਜੱਜ ਸੰਜੀਵ ਖੰਨਾ ਨੇ 1984 ਦੇ ਸਿੱਖ ਕਤਲੇਆਮ ਨਾਲ ਸਬੰਧੀ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਪ੍ਰਾਪਤ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੀ ਅਪੀਲ 'ਤੇ ਸੁਣਵਾਈ ਤੋਂ ਖ਼ੁਦ ਨੂੰ ਅਲੱਗ ਕਰ ਲਿਆ। ਜ਼ਿਕਰਯੋਗ ਹੈ ਕਿ ਸੱਜਣ ਕੁਮਾਰ ਨੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਨੌਤੀ ਦਿਤੀ ਹੋਈ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਸੰਜੀਵ ਖੰਨਾ ਦੇ ਬੈਂਚ ਕੋਲ ਸੱਜਣ ਕੁਮਾਰ ਦੀ ਅਪੀਲ ਸੂਚੀਬੱਧ ਸੀ। ਚੀਫ਼ ਜਸਟਿਸ ਨੇ ਕਿਹਾ ਕਿ ਜਸਟਿਸ ਖੰਨਾ ਇਸ ਦੀ ਸੁਣਵਾਈ ਨਹੀਂ ਕਰਨਾ ਚਾਹੁੰਦੇ।

ਇਸ ਦੇ ਨਾਲ ਹੀ ਬੈਂਚ ਨੇ ਸੱਜਣ ਕੁਮਾਰ ਦੀ ਅਪੀਲ ਅਜਿਹੇ ਬੈਂਚ ਕੋਲ ਸੂਚੀਬੱਧ ਕਰਨ ਦਾ ਹੁਕਮ ਦਿਤਾ ਹੈ ਜਿਸ ਵਿਚ ਜਸਟਿਸ ਸੰਜੀਵ ਖੰਨਾ ਮੈਂਬਰ ਨਹੀਂ ਹੋਣਗੇ। ਸੱਜਣ ਕੁਮਾਰ ਦੀ ਅਪੀਲ 'ਤੇ ਉੱਚ ਅਦਾਲਤ ਨੇ 14 ਜਨਵਰੀ ਨੂੰ ਕੇਂਦਰੀ ਜਾਂਚ ਬਿਊਰੋ ਤੋਂ ਜਵਾਬ ਮੰਗਿਆ ਸੀ ਅਤੇ ਇਸ ਨੂੰ ਅੱਜ ਸੁਣਵਾਈ ਲਈ ਸੂਚੀਬੱਧ ਕੀਤਾ ਸੀ। ਅਦਾਲਤ ਨੇ ਸੱਜਣ ਕੁਮਾਰ ਦੀ ਅਪੀਲ ਮਨਜ਼ੂਰ ਕਰਦਿਆਂ ਉਸ ਦੀ ਜ਼ਮਾਨਤ ਪਟੀਸ਼ਨ 'ਤੇ ਕੇਂਦਰੀ ਜਾਂਚ ਬਿਊਰੋ ਤੋਂ ਚਾਰ ਹਫ਼ਤਿਆਂ ਦੇ ਅੰਦਰ ਜਵਾਬ ਮੰਗਿਆ ਸੀ।

ਬੈਂਚ ਨੇ ਸੱਜਣ ਕੁਮਾਰ ਨੂੰ ਅਪਣੀ ਅਪੀਲ ਦੇ ਪੱਖ ਵਿਚ ਇਸ ਮਾਮਲੇ ਸਬੰਧੀ ਤਰੀਕਾਂ ਦਾ ਲੰਮਾ ਚੌੜਾ ਵੇਰਵਾ ਵੀ ਦਾਖ਼ਲ ਕਰਨ ਦੀ ਮਨਜ਼ੂਰੀ ਦੇ ਦਿਤੀ ਸੀ। ਹਾਈ ਕੋਰਟ ਨੇ 17 ਦਸੰਬਰ, 2018 ਦੇ ਫ਼ੈਸਲੇ ਦੇ ਹੁਕਮ ਅਨੁਸਾਰ ਸੱਜਣ ਕੁਮਾਰ ਨੇ 31 ਦਸੰਬਰ, 2018 ਨੂੰ ਅਦਾਲਤ ਵਿਚ ਸਮਰਪਣ ਕਰ ਦਿਤਾ ਸੀ। ਉਮਰ ਕੈਦ ਦੀ ਸਜ਼ਾ ਮਿਲਣ ਮਗਰੋਂ ਸੱਜਣ ਕੁਮਾਰ ਨੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ ਸੀ। ਸੱਜਣ ਕੁਮਾਰ ਦੇ 1-2 ਨਵੰਬਰ, 1984 ਨੂੰ ਦੱਖਣ-ਪੱਛਮ ਦਿੱਲੀ ਦੇ ਰਾਜਨਗਰ ਪਾਰਟ-ਇਕ ਵਿਚ ਪੰਜ ਸਿੱਖਾਂ ਦੇ ਕਤਲ ਅਤੇ ਰਾਜ ਨਗਰ ਪਾਰਟ-ਦੋ ਵਿਚ ਇਕ ਗੁਰਦੁਆਰਾ ਸਾੜਨ ਦੀ ਘਟਨਾ ਸਬੰਧੀ ਇਹ ਸਜ਼ਾ ਸੁਣਾਈ ਗਈ ਹੈ।

ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ ਇਸ ਮਾਮਲੇ ਵਿਚ ਪੰਜ ਹੋਰ ਦੋਸ਼ੀਆਂ: ਕਾਂਗਰਸ ਦੇ ਸਾਬਕਾ ਕੌਂਸਲਰ ਬਲਵਾਨ ਖੋਖਰ, ਜਲ ਸੈਨਾ ਦੇ ਸੇਵਾਮੁਕਤ ਅਧਿਕਾਰੀ ਕੈਪਟਨ ਭਾਗਮਲ, ਗਿਰਧਾਰੀ ਲਾਲ ਅਤੇ ਸਾਬਕਾ ਵਿਧਾਇਕ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਨੂੰ ਹੇਠਲੀ ਅਦਾਲਤ ਵਲੋਂ ਸੁਣਾਈ ਗਈ ਅਲੱਗ ਅਲੱਗ ਸਮੇਂ ਦੀ ਸਜ਼ਾ ਵੀ ਬਰਕਰਾਰ ਰੱਖੀ ਗਈ ਸੀ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਨ੍ਹਾਂ ਦੇ ਸਿੱਖ ਅੰਗਰਖਿਅੱਕਾਂ ਵਲੋਂ ਗੋਲੀ ਮਾਰ ਕੇ ਹਤਿਆ ਕਰਨ ਦੀ ਘਟਨਾ ਮਗਰੋਂ ਦਿੱਲੀ ਸਣੇ ਦੇਸ਼ ਦੇ ਕਈ ਹਿੱਸਿਆਂ ਵਿਚ ਸਿੱਖ ਕਤਲੇਆਮ ਹੋਇਆ ਸੀ ਜਿਨ੍ਹਾਂ ਵਿਚ 2700 ਤੋਂ ਜ਼ਿਆਦਾ ਸਿੱਖਾਂ ਦਾ ਕਤਲ ਕਰ ਦਿਤਾ ਗਿਆ ਸੀ (ਪੀਟੀਆਈ)