ਦੇਸ਼ ਵਿਚ ਦੇਖਣ ਨੂੰ ਮਿਲਿਆ ਭਾਰਤ ਬੰਦ ਦਾ ਅਸਰ, ਕਈ ਸ਼ਹਿਰਾਂ ਵਿਚ ਬਾਜ਼ਾਰ ਬੰਦ, ਸੜਕਾਂ ਖਾਲੀ
ਪੱਛਮੀ ਬੰਗਾਲ ਵਿਚ ਕਈ ਥਾਈਂ ਬੰਦ ਰਹੇ ਬਾਜ਼ਾਰ
ਨਵੀਂ ਦਿੱਲੀ: ਵਪਾਰੀਆਂ ਦੀ ਸਰਵੋਤਮ ਸੰਸਥਾ ਕਨਫ਼ੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਨੇ ਜੀਐਸਟੀ ਪ੍ਰਣਾਲੀ ਨੂੰ ਸਰਲ ਬਣਾਉਣ ਦੀ ਮੰਗ ਅਤੇ ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਅੱਜ 26 ਫ਼ਰਵਰੀ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਸਾਰੇ ਵਪਾਰਕ ਬਾਜ਼ਾਰ ਤੇ ਆਵਾਜਾਈ ਨੂੰ ਬੰਦ ਰੱਖਿਆ ਜਾਵੇਗਾ।
ਪੱਛਮੀ ਬੰਗਾਲ ਵਿਚ ਕਈ ਥਾਈਂ ਬੰਦ ਰਹੇ ਬਾਜ਼ਾਰ
ਭਾਰਤ ਬੰਦ ਦੌਰਾਨ ਪੱਛਮੀ ਬੰਗਾਲ ਦੇ ਸਿਲੀਗੁੜੀ ਵਿਚ ਦੁਕਾਨਾਂ ਬੰਦ ਰਹੀਆਂ। ਸਿਲੀਗੁਰੀ ਵਪਾਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਅੱਜ ਸਾਰੇ ਥੋਕ ਬਾਜ਼ਾਰ ਬੰਦ ਰਹਿਣਗੇ।
ਓਡੀਸ਼ਾ ਵਿਚ ਵੀ ਦੇਖਣ ਨੂੰ ਮਿਲਿਆ ਬੰਦ ਦਾ ਅਸਰ
ਤੇਲ ਦੀਆਂ ਕੀਮਤਾਂ ਵਿਚ ਵਾਧੇ ਅਤੇ ਜੀਐਸਟੀ ਦੇ ਵਿਰੋਧ ਵਿਚ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਅਸਰ ਓਡੀਸ਼ਾ ਵਿਚ ਵੀ ਦੇਖਣ ਨੂੰ ਮਿਲਿਆ। ਇਸ ਮੌਕੇ ਭੁਵਨੇਸ਼ਵਰ ਵਿਚ ਸੜਕਾਂ ਖਾਲੀ ਦਿਖਾਈ ਦਿੱਤੀਆਂ।
ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਨੇ ਨਹੀਂ ਕੀਤਾ ਭਾਰਤ ਬੰਦ ਦਾ ਸਮਰਥਨ
ਭਾਰਤ ਬੰਦ ਸਬੰਧੀ ਗੱਲ ਕਰਦਿਆਂ ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਕੋਰ ਕਮੇਟੀ ਦੇ ਚੇਅਰਮੈਨ ਨੇ ਦੱਸਿਆ ਕਿ ਅੱਜ ਦਾ ਬੰਦ ਵਪਾਰੀਆਂ ਵੱਲੋਂ ਬੁਲਾਇਆ ਗਿਆ ਹੈ, ਕੁੱਝ ਸੰਸਥਾਵਾਂ ਨੇ ਇਸ ਦਾ ਸਮਰਥਨ ਕੀਤਾ ਹੈ। ਉਹਨਾਂ ਕਿਹਾ ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਇਸ ਦਾ ਸਮਰਥਨ ਨਹੀਂ ਕਰਦੀ ਹੈ।
ਉਹਨਾਂ ਕਿਹਾ ਇਹ ਬੰਦ ਸਿਰਫ ਕਾਗਜ਼ਾਂ ਵਿਚ ਹੈ, ਜ਼ਮੀਨੀ ਪੱਧਰ ’ਤੇ ਨਹੀਂ। ਦੱਸ ਦਈਏ ਕਿ ਇਸ ਦੌਰਾਨ ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ ਯਾਨੀ ਕੈਟ ਵੱਲੋਂ ਦੇਸ਼ ਵਿਚ 1500 ਥਾਵਾਂ ਉਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਦੇਸ਼ ਭਰ ਦੇ 8 ਕਰੋੜ ਵਪਾਰੀ ਭਾਰਤ ਬੰਦ ਵਿਚ ਸ਼ਾਮਲ ਹੋਣਗੇ।