ਸ਼ਰਾਬ ਨੀਤੀ ਮਾਮਲੇ ਵਿਚ ਮਨੀਸ਼ ਸਿਸੋਦੀਆ ਗ੍ਰਿਫ਼ਤਾਰ, 8 ਘੰਟੇ ਦੀ ਪੁੱਛਗਿੱਛ ਤੋਂ ਮਗਰੋਂ ਹੋਈ ਗ੍ਰਿਫ਼ਤਾਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਜੇਲ੍ਹ ਦੇ ਤਾਲੇ ਟੁੱਟਣਗੇ, ਮਨੀਸ਼ ਸਿਸੋਦੀਆ ਛੁੱਟਣਗੇ - ਰਾਘਵ ਚੱਢਾ

Manish Sisodia

ਨਵੀਂ ਦਿੱਲੀ - ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ ਸ਼ਰਾਬ ਨੀਤੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਸੀਬੀਆਈ ਨੇ ਉਹਨਾਂ ਤੋਂ 8 ਘੰਟੇ ਤੱਕ ਪੁੱਛਗਿੱਛ ਕੀਤੀ । ਦੱਸਿਆ ਗਿਆ ਹੈ ਕਿ ਆਬਕਾਰੀ ਵਿਭਾਗ ਦੇ ਇੱਕ ਆਈਏਐਸ ਅਧਿਕਾਰੀ ਨੇ ਪੁੱਛਗਿੱਛ ਦੌਰਾਨ ਸਿਸੋਦੀਆ ਦਾ ਨਾਮ ਲਿਆ ਸੀ। ਅਧਿਕਾਰੀ ਨੇ ਕਿਹਾ- ਸਿਸੋਦੀਆ ਨੇ ਅਜਿਹੀ ਸ਼ਰਾਬ ਪਾਲਿਸੀ ਬਣਾਈ ਸੀ, ਜਿਸ ਨਾਲ ਸਰਕਾਰ ਨੂੰ ਫਾਇਦਾ ਨਾ ਹੋਵੇ ਤੇ ਵਪਾਰੀਆਂ ਨੂੰ ਵੱਡਾ ਫਾਇਦਾ ਹੋਵੇ। ਇਸ ਬਿਆਨ ਦੇ ਆਧਾਰ 'ਤੇ ਸਿਸੋਦੀਆ ਤੋਂ ਪੁੱਛਗਿੱਛ ਕੀਤੀ ਗਈ ਸੀ। 

ਸੂਤਰਾਂ ਦੀ ਮੰਨੀਏ ਤਾਂ ਅਧਿਕਾਰੀ ਨੇ ਸਿਸੋਦੀਆ 'ਤੇ ਸਬੂਤ ਨਸ਼ਟ ਕਰਨ ਦਾ ਵੀ ਦੋਸ਼ ਲਗਾਇਆ ਸੀ। ਜਦੋਂ ਸੀਬੀਆਈ ਨੇ ਸਿਸੋਦੀਆ ਅਤੇ ਆਹਮੋ-ਸਾਹਮਣੇ ਬੈਠੇ ਅਧਿਕਾਰੀ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕਈ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਇਹ ਸਿਸੋਦੀਆ ਦੀ ਗ੍ਰਿਫਤਾਰੀ ਦਾ ਕਾਰਨ ਬਣਿਆ। ਸਿਸੋਦੀਆ ਨੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। 

-ਰਾਜ ਸਭਾ ਸਾਂਸਦ ਸੰਜੇ ਸਿੰਘ ਨੇ ਸਿਸੋਦੀਆ ਦੀ ਗ੍ਰਿਫ਼ਤਾਰੀ 'ਤੇ ਆਮ ਆਦਮੀ ਪਾਰਟੀ ਦੀ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ- ਸਿਸੋਦੀਆ ਦੀ ਗ੍ਰਿਫਤਾਰੀ ਤਾਨਾਸ਼ਾਹੀ ਦਾ ਸਿਖ਼ਰ ਹੈ। ਆਮ ਆਦਮੀ ਪਾਰਟੀ ਨੇ ਟਵੀਟ ਕਰਕੇ ਲਿਖਿਆ- ਇਹ ਲੋਕਤੰਤਰ ਲਈ ਕਾਲਾ ਦਿਨ ਹੈ। 

- ਰਾਘਵ ਚੱਢਾ ਦਾ ਟਵੀਟ
''ਜੇਲ੍ਹ ਦੇ ਤਾਲੇ ਟੁੱਟਣਗੇ, ਮਨੀਸ਼ ਸਿਸੋਦੀਆ ਛੁੱਟਣਗੇ''

 ਅਰਵਿੰਦ ਕੇਜਰੀਵਾਲ ਦਾ ਟਵੀਟ 

ਮਨੀਸ਼ ਸਿਸੋਦੀਆ ਬੇਕਸੂਰ ਹਨ, ਉਹਨਾਂ ਦੀ ਗ੍ਰਿਫ਼ਤਾਰੀ ਗੰਦੀ ਰਾਜਨੀਤੀ ਹੈ। ਗ੍ਰਿਫਤਾਰੀ ਕਾਰਨ ਲੋਕਾਂ 'ਚ ਕਾਫ਼ੀ ਗੁੱਸਾ ਹੈ। ਹਰ ਕੋਈ ਦੇਖ ਰਿਹਾ ਹੈ। ਲੋਕ ਸਭ ਕੁੱਝ ਸਮਝ ਰਹੇ ਹਨ। ਲੋਕ ਇਸ ਦਾ ਜਵਾਬ ਦੇਣਗੇ। ਸਾਡੇ ਹੌਂਸਲੇ ਹੋਰ ਵਧਣਗੇ, ਸਾਡਾ ਸੰਘਰਸ਼ ਹੋਰ ਤੇਜ਼ ਹੋਵੇਗਾ। 

- ਭਗਵੰਤ ਮਾਨ ਦਾ ਟਵੀਟ 
ਮਨੀਸ਼ ਸਿਸੋਦੀਆ ਜੀ ਦੀ ਗ੍ਰਿਫ਼ਤਾਰੀ ਅਸਲ ਵਿੱਚ ਦਿੱਲੀ ਦੇ ਲੱਖਾਂ ਬੱਚਿਆਂ ਦੀ ਸਿੱਖਿਆ ਦਾ ਨਿਰਾਦਰ ਹੈ। ਸਕੂਲ ਬਣਾਉਣ ਵਾਲੇ ਨੂੰ ਜੇਲ੍ਹ ਭੇਜਣਾ ਭਾਜਪਾ ਦੇ ਏਜੰਡੇ ਦਾ ਹਿੱਸਾ ਹੈ। 

 

ਜਾਂਚ ਵਿਚ ਸ਼ਾਮਲ ਹੋਣ ਲਈ ਘਰ ਛੱਡਣ ਤੋਂ ਪਹਿਲਾਂ ਸਿਸੋਦੀਆ ਨੇ ਆਪਣੀ ਮਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਉਹ ਰੋਡ ਸ਼ੋਅ ਕਰਦੇ ਹੋਏ ਸੀਬੀਆਈ ਦਫ਼ਤਰ ਪੁੱਜੇ। ਸਿਸੋਦੀਆ ਦੇ ਨਾਲ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਵੀ ਮੌਜੂਦ ਸਨ। ਸਾਰੇ ਹੈੱਡਕੁਆਰਟਰ ਨੇੜੇ ਧਰਨੇ ’ਤੇ ਬੈਠ ਗਏ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। 

ਵਧਦੇ ਰੋਸ ਨੂੰ ਦੇਖਦੇ ਹੋਏ ਪੁਲਿਸ ਨੇ ਧਾਰਾ-144 ਲਗਾ ਦਿੱਤੀ ਹੈ। ਦਿੱਲੀ ਸਰਕਾਰ ਦੇ ਮੰਤਰੀ ਗੋਪਾਲ ਰਾਏ ਅਤੇ 'ਆਪ' ਸੰਸਦ ਸੰਜੇ ਸਿੰਘ ਸਮੇਤ ਕਈ ਸਮਰਥਕਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਲਈ ਹਿਰਾਸਤ 'ਚ ਲਿਆ ਗਿਆ ਹੈ ਤਾਂ ਜੋ ਕਾਨੂੰਨ ਵਿਵਸਥਾ ਵਿਗੜ ਨਾ ਜਾਵੇ।