‘ਅਜਿਹੇ ਨਾਇਕਾਂ ਦੀ ਸਾਨੂੰ ਹਰ ਥਾਂ ਜ਼ਰੂਰਤ ਹੈ’ : ਕਿਸਾਨ ਨੂੰ ਮੈਟਰੋ ਦੀ ਵਰਤੋਂ ਕਰਨ ਤੋਂ ਰੋਕਣ ਵਿਰੁਧ ਡਟੇ ਵਿਅਕਤੀ ਦੀ ਭਰਵੀਂ ਸ਼ਲਾਘਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਸਾਨ ਨੂੰ ਟਿਕਟ ਖ਼ਰੀਦਣ ਦੇ ਬਾਵਜੂ ਬੈਂਗਲੁਰੂ ਮੈਟਰੋ ’ਚ ਚੜ੍ਹਨ ਤੋਂ ਰੋਕਣ ਵਾਲਾ ਦਾ ਸੁਰੱਖਿਆ ਸੁਪਰਵਾਈਜ਼ਰ ਬਰਖਾਸਤ 

Social Media Post Screenshot.

ਬੈਂਗਲੁਰੂ: ਬੈਂਗਲੁਰੂ ਮੈਟਰੋ ਨੇ ਸੋਮਵਾਰ ਨੂੰ ਇਕ ਸੁਰੱਖਿਆ ਸੁਪਰਵਾਈਜ਼ਰ ਨੂੰ ਉਸ ਦੇ ਅਹੁਦੇ ਤੋਂ ਬਰਖਾਸਤ ਕਰ ਦਿਤਾ ਜਿਸ ਨੇ ਇਕ ਕਿਸਾਨ ਨੂੰ ਉਸ ਦੇ ਕਪੜਿਆਂ ਕਾਰਨ ਰੇਲ ਸੇਵਾਵਾਂ ਦੀ ਵਰਤੋਂ ਕਰਨ ਤੋਂ ਰੋਕ ਦਿਤਾ ਸੀ। 

ਇਕ ਮੁਸਾਫ਼ਰ ਨੇ ਰਾਜਾਜੀਨਗਰ ਮੈਟਰੋ ਸਟੇਸ਼ਨ ’ਤੇ 18 ਫ਼ਰਵਰੀ ਦੀ ਘਟਨਾ ਦਾ ਵੀਡੀਉ ‘ਐਕਸ’ ’ਤੇ ਪੋਸਟ ਕੀਤਾ ਸੀ। ਉਸ ਨੇ ਅਪਣੀ ਪੋਸਟ ’ਚ ਕਿਹਾ, ‘‘ਅਵਿਸ਼ਵਾਸ਼ਯੋਗ... ਕੀ ਮੈਟਰੋ ਸਿਰਫ ਵੀ.ਆਈ.ਪੀ.’ ਲੋਕਾਂ ਲਈ ਹੈ? ਕੀ ਮੈਟਰੋ ਸੇਵਾ ਦੀ ਵਰਤੋਂ ਕਰਨ ਲਈ ਕੋਈ ਡਰੈੱਸ ਕੋਡ ਹੈ? ਮੈਂ ਕਾਰਤਿਕ ਸੀ. ਏਰਾਨੀ ਦੀ ਕਾਰਵਾਈ ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਰਾਜਾਜੀਨਗਰ ਮੈਟਰੋ ਸਟੇਸ਼ਨ ’ਤੇ ਇਕ ਕਿਸਾਨ ਦੇ ਹੱਕ ਲਈ ਆਵਾਜ਼ ਉਠਾਈ। ਸਾਨੂੰ ਹਰ ਜਗ੍ਹਾ ਅਜਿਹੇ ਹੋਰ ਨਾਇਕਾਂ ਦੀ ਲੋੜ ਹੈ।’’

ਬੈਂਗਲੁਰੂ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (ਬੀ.ਐੱਮ.ਆਰ.ਸੀ.ਐੱਲ.) ਨੇ ਕਿਹਾ, ‘‘ਨੰਮਾ (ਬੈਂਗਲੁਰੂ) ਮੈਟਰੋ ਇਕ ਸਮਾਵੇਸ਼ੀ ਜਨਤਕ ਆਵਾਜਾਈ ਹੈ। ਰਾਜਾਜੀਨਗਰ ਵਿਖੇ ਵਾਪਰੀ ਘਟਨਾ ਦੀ ਜਾਂਚ ਕੀਤੀ ਗਈ ਅਤੇ ਸੁਰੱਖਿਆ ਸੁਪਰਵਾਈਜ਼ਰ ਦੀਆਂ ਸੇਵਾਵਾਂ ਖਤਮ ਕਰ ਦਿਤੀਆਂ ਗਈਆਂ। ਬੀ.ਐਮ.ਆਰ.ਸੀ.ਐਲ. ਨੂੰ ਮੁਸਾਫ਼ਰ ਨੂੰ ਹੋਈ ਪ੍ਰੇਸ਼ਾਨੀ ਲਈ ਅਫਸੋਸ ਹੈ।’’

ਇਸ ਵੀਡੀਉ ਨੂੰ ਬਾਅਦ ਵਿਚ ਕਈ ਲੋਕਾਂ ਨੇ ਵੱਖ-ਵੱਖ ਸੋਸ਼ਲ ਮੀਡੀਆ ਮੰਚਾਂ ’ਤੇ ਸਾਂਝਾ ਕੀਤਾ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਕਾਰਵਾਈ ਲਈ ਬੀ.ਐਮ.ਆਰ.ਸੀ.ਐਲ. ਦੀ ਆਲੋਚਨਾ ਕੀਤੀ। 

24 ਫ਼ਰਵਰੀ ਨੂੰ ਇਕ ਮੁਸਾਫ਼ਰ ਵਲੋਂ ਪੋਸਟ ਕੀਤੇ ਗਏ ਵੀਡੀਉ ’ਚ, ਇਹ ਵੇਖਿਆ ਜਾ ਸਕਦਾ ਹੈ ਕਿ ਸੁਰੱਖਿਆ ਸੁਪਰਵਾਈਜ਼ਰ ਨੇ ਇਕ ਕਿਸਾਨ ਨੂੰ ‘ਸਹੀ ਕਪੜੇ’ ਨਾ ਪਹਿਨਣ ਕਾਰਨ ਮੈਟਰੋ ਸੇਵਾ ਦੀ ਵਰਤੋਂ ਕਰਨ ਤੋਂ ਰੋਕਿਆ। ਇਸ ’ਤੇ ਕਿਸਾਨ ਦੇ ਨਾਲ ਸੁਰੱਖਿਆ ਜਾਂਚ ਲਈ ਕਤਾਰ ’ਚ ਖੜ੍ਹੇ ਮੁਸਾਫ਼ਰ ਨੇ ਤੁਰਤ ਦਖਲ ਦਿਤਾ ਅਤੇ ਸੁਰੱਖਿਆ ਕਰਮਚਾਰੀਆਂ ਤੋਂ ਪੁਛਿਆ ਕਿ ਉਹ ਕਿਸ ਆਧਾਰ ’ਤੇ ਉਨ੍ਹਾਂ ਨੂੰ ਸੇਵਾਵਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ ਹੈ। 

ਉਸ ਨੇ ਇਕ ਨਾਗਰਿਕ ਵਜੋਂ ਜਾਇਜ਼ ਟਿਕਟ ਨਾਲ ਮੈਟਰੋ ਦੀ ਵਰਤੋਂ ਕਰਨ ਦੇ ਅਪਣੇ ਅਧਿਕਾਰ ਲਈ ਕਿਸਾਨ ਦੀ ਤਰਫੋਂ ਲੜਾਈ ਲੜੀ ਅਤੇ ਇਹ ਵੀ ਕਿਹਾ ਕਿ ਕਿਸਾਨ ਕੋਲ ਕੋਈ ਵੀ ਅਜਿਹੀ ਚੀਜ਼ ਨਹੀਂ ਸੀ ਜਿਸ ਨੂੰ ਮੈਟਰੋ ’ਚ ਲਿਆਉਣ ਦੀ ਮਨਾਹੀ ਹੈ। 

ਉਨ੍ਹਾਂ ਨੇ ਸੁਰੱਖਿਆ ਅਮਲੇ ਨੂੰ ਉਹ ਨਿਯਮ ਵਿਖਾਉਣ ਲਈ ਵੀ ਕਿਹਾ ਜੋ ਮੈਟਰੋ ਮੁਸਾਫ਼ਰਾਂ ਲਈ ਡਰੈੱਸ ਕੋਡ ਲਾਜ਼ਮੀ ਬਣਾਉਂਦਾ ਹੈ ਅਤੇ ਸਟਾਫ ਨੂੰ ਇਹ ਵੀ ਸਵਾਲ ਕੀਤਾ ਕਿ ਕੀ ਆਵਾਜਾਈ ਦਾ ਇਹ ਤਰੀਕਾ ਸਿਰਫ ਵੀ.ਆਈ.ਪੀ. ਤਕ ਸੀਮਤ ਹੈ। ਸੁਰੱਖਿਆ ਮੁਲਜ਼ਮਾਂ ਨਾਲ ਬਹਿਸ ਤੋਂ ਬਾਅਦ, ਮੁਸਾਫ਼ਰ ਨੇ ਕਿਸਾਨ ਨੂੰ ਅਪਣੇ ਨਾਲ ਚੱਲਣ ਲਈ ਕਿਹਾ ਅਤੇ ਇਹ ਯਕੀਨੀ ਕੀਤਾ ਕਿ ਉਹ ਮੈਟਰੋ ’ਚ ਸਫ਼ਰ ਕਰੇ।