ਰਾਜਸਥਾਨ : ਜਬਰ ਜਨਾਹ ਦੀ ਪੀੜਤ ਕੁੜੀ ਨੂੰ ਗੋਲੀ ਮਾਰੀ, ਗੰਡਾਸੇ ਨਾਲ ਗੰਭੀਰ ਜ਼ਖ਼ਮੀ ਕੀਤਾ, ਹਾਲਤ ਗੰਭੀਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ’ਚ ਮੁਲਜ਼ਮ ਦਾ ਰੇਲ ਗੱਡੀ ਹੇਠਾਂ ਆ ਕੇ ਪੈਰ ਵੱਢਿਆ ਗਿਆ

Representative Image.

ਜੈਪੁਰ: ਰਾਜਸਥਾਨ ਦੇ ਕੋਟਪੁਤਲੀ-ਬਹਿਰੋਰ ਜ਼ਿਲ੍ਹੇ ’ਚ ਜਬਰ ਜਨਾਹ ਦੇ ਇਕ ਮੁਲਜ਼ਮ ਅਤੇ ਉਸ ਦੇ ਦੋ ਸਾਥੀਆਂ ਨੇ ਇਕ 25 ਸਾਲ ਦੀ ਔਰਤ ਨੂੰ ਕਥਿਤ ਤੌਰ ’ਤੇ ਗੋਲੀ ਮਾਰ ਦਿਤੀ ਅਤੇ ਗੰਡਾਸੇ ਨਾਲ ਹਮਲਾ ਕਰ ਦਿਤਾ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਇਸ ਹਮਲੇ ’ਚ ਪੀੜਤ ਦਾ ਭਰਾ ਵੀ ਜ਼ਖਮੀ ਹੋ ਗਿਆ। ਦੋਹਾਂ ਦਾ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਦਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 

ਪੁਲਿਸ ਡਾਇਰੈਕਟਰ ਜਨਰਲ ਯੂ.ਆਰ. ਸਾਹੂ ਨੇ ਦਸਿਆ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਰਾਜੇਂਦਰ ਯਾਦਵ ਦਾ ਸੋਮਵਾਰ ਨੂੰ ਜੈਪੁਰ ’ਚ ਰੇਲ ਗੱਡੀ ਦੀ ਲਪੇਟ ’ਚ ਆਉਣ ਨਾਲ ਪੈਰ ਵੱਢਿਆ ਗਿਆ। ਉਸ ਨੂੰ ਪੁਲਿਸ ਨੇ ਫੜ ਲਿਆ ਹੈ। ਰਾਜਸਥਾਨ ਦੇ ਸਿਹਤ ਮੰਤਰੀ ਗਜੇਂਦਰ ਸਿੰਘ ਖਿੰਵਸਰ ਅਤੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਪੀੜਤਾ ਦੀ ਸਿਹਤ ਬਾਰੇ ਜਾਣਕਾਰੀ ਲੈਣ ਲਈ ਹਸਪਤਾਲ ਦਾ ਦੌਰਾ ਕੀਤਾ। ਸਿਹਤ ਮੰਤਰੀ ਨੇ ਸੰਕੇਤ ਦਿਤਾ ਕਿ ਔਰਤ ਦੀ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਦੀ ਸਿਫਾਰਸ਼ ’ਤੇ ਉਸ ਨੂੰ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ’ਚ ਤਬਦੀਲ ਕੀਤਾ ਜਾ ਸਕਦਾ ਹੈ। 

ਪੁਲਿਸ ਅਧਿਕਾਰੀ ਨੇ ਦਸਿਆ ਕਿ ਯਾਦਵ ਨੇ ਪੁਲਿਸ ਨੂੰ ਗੁਮਰਾਹ ਕਰਨ ਲਈ ਅਪਣੀ ਦਾੜ੍ਹੀ ਅਤੇ ਵਾਲ ਕੱਟ ਦਿਤੇ ਸਨ। ਸੋਮਵਾਰ ਸਵੇਰੇ ਜੈਪੁਰ ਦੇ ਮਾਲਵੀਆ ਨਗਰ ’ਚ ਉਹ ਰੇਲ ਗੱਡੀ ਦੀ ਲਪੇਟ ’ਚ ਆ ਗਿਆ, ਜਿਸ ਕਾਰਨ ਉਸ ਦੀ ਸੱਜੀ ਲੱਤ ਕੱਟ ਦਿਤੀ ਗਈ ਅਤੇ ਖੱਬੀ ਲੱਤ ਵੀ ਜ਼ਖਮੀ ਹੋ ਗਈ। ਕੋਟਪੁਤਲੀ-ਬਹਿਰੋਰ ਦੀ ਪੁਲਿਸ ਸੁਪਰਡੈਂਟ ਵੰਦਿਤਾ ਰਾਣਾ ਨੇ ਦਸਿਆ ਕਿ ਉਸ ਦਾ ਜੈਪੁਰ ਦੇ ਸਵਾਈ ਮਾਨ ਸਿੰਘ (ਐਸ.ਐਮ.ਐਸ.) ਹਸਪਤਾਲ ’ਚ ਪੁਲਿਸ ਨਿਗਰਾਨੀ ਹੇਠ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦਸਿਆ ਕਿ ਦੋਸ਼ੀਆਂ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 307 (ਕਤਲ ਦੀ ਕੋਸ਼ਿਸ਼), 323 (ਸਵੈ-ਇੱਛਾ ਨਾਲ ਸੱਟ ਪਹੁੰਚਾਉਣਾ) ਅਤੇ 506 (ਅਪਰਾਧਕ ਧਮਕੀ) ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। 

ਅਧਿਕਾਰੀਆਂ ਨੇ ਦਸਿਆ ਕਿ ਦੋ ਹੋਰ ਮੁਲਜ਼ਮਾਂ ਦੀ ਪਛਾਣ ਮਹੇਸ਼ ਉਰਫ ਮਹੀਪਾਲ (22) ਅਤੇ ਰਾਹੁਲ ਗੁਰਜਰ (19) ਵਜੋਂ ਹੋਈ ਹੈ, ਜੋ ਕਥਿਤ ਘਟਨਾ ਵਿਚ ਸ਼ਾਮਲ ਸਨ। ਪੁਲਿਸ ਨੇ ਦਸਿਆ ਕਿ ਸਰਕਾਰੀ ਰੇਲਵੇ ਪੁਲਿਸ (ਜੀ.ਆਰ.ਪੀ.) ਨੇ ਇਕ ਨੌਜੁਆਨ ਦੇ ਰੇਲ ਗੱਡੀ ਦੀ ਲਪੇਟ ’ਚ ਆਉਣ ਦੀ ਸੂਚਨਾ ਦਿਤੀ ਸੀ, ਜਿਸ ਤੋਂ ਬਾਅਦ ਐਮਰਜੈਂਸੀ ਸੇਵਾਵਾਂ-108 ਨੇ ਯਾਦਵ ਨੂੰ ਐਸਐਮਐਸ ਹਸਪਤਾਲ ਪਹੁੰਚਾਇਆ। ਉਨ੍ਹਾਂ ਕਿਹਾ ਕਿ ਦੋਸ਼ੀ ਨੇ ਰੇਲ ਗੱਡੀ ਦੇ ਅੱਗੇ ਛਾਲ ਮਾਰ ਦਿਤੀ ਜਾਂ ਉਸ ਨੂੰ ਟੱਕਰ ਮਾਰ ਦਿਤੀ ਗਈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। 

ਪੀੜਤਾ ’ਤੇ ਸਨਿਚਰਵਾਰ ਰਾਤ ਨੂੰ ਪਰਗਪੁਰਾ ਥਾਣੇ ਨੇੜੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਅਪਣੇ ਭਰਾ ਨਾਲ ਦੋ ਪਹੀਆ ਵਾਹਨ ’ਤੇ ਘਰ ਪਰਤ ਰਹੀ ਸੀ। ਪੁਲਿਸ ਅਨੁਸਾਰ ਯਾਦਵ ਅਤੇ ਉਸ ਦੇ ਸਾਥੀ ਮਹੀਪਾਲ ਅਤੇ ਰਾਹੁਲ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਭੈਣਾਂ-ਭਰਾਵਾਂ ’ਤੇ ਹਮਲਾ ਕਰ ਦਿਤਾ। ਰਾਜਿੰਦਰ ਨੇ ਪੀੜਤਾ ਦੀ ਪਿੱਠ ’ਚ ਗੋਲੀ ਮਾਰ ਦਿਤੀ ਅਤੇ ਦੂਜੇ ਮੁਲਜ਼ਮਾਂ ਨੇ ਵੀ ਉਸ ’ਤੇ ਹਮਲਾ ਕੀਤਾ। ਪੀੜਤ ਪਰਵਾਰ ਵਲੋਂ ਸਨਿਚਰਵਾਰ ਨੂੰ ਦਰਜ ਕਰਵਾਈ ਗਈ ਐਫ.ਆਈ.ਆਰ. ਦੇ ਅਨੁਸਾਰ, ਰਾਜੇਂਦਰ ਨੇ 16 ਜਨਵਰੀ ਨੂੰ ਔਰਤ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਸੀ।

ਯਾਦਵ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ ਪਰ ਹਾਲ ਹੀ ’ਚ ਉਹ ਜ਼ਮਾਨਤ ’ਤੇ ਬਾਹਰ ਆਇਆ ਅਤੇ ਪੀੜਤ ਨੂੰ ਕੇਸ ਵਾਪਸ ਲੈਣ ਦੀ ਧਮਕੀ ਦੇਣ ਲੱਗਾ। ਐਫ.ਆਈ.ਆਰ. ਦੇ ਅਨੁਸਾਰ, ਜਦੋਂ ਪੀੜਤ ਨੇ ਕੇਸ ਵਾਪਸ ਨਹੀਂ ਲਿਆ ਤਾਂ ਉਸ ਨੇ ਜਾਨਲੇਵਾ ਹਮਲਾ ਕੀਤਾ। ਚਾਕੂ ਨਾਲ ਜ਼ਖਮੀ ਹੋਏ ਪੀੜਤ ਦੇ ਭਰਾ ਨੂੰ ਵੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਪਰਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਰਾਜੇਂਦਰ ਯਾਦਵ ਪੁਲਿਸ ਦੇ ਨਾਮ ’ਤੇ ਪੀੜਤਾ ਨੂੰ ਧਮਕੀਆਂ ਦਿੰਦਾ ਸੀ ਅਤੇ ਕਹਿੰਦਾ ਸੀ ਕਿ ਪੁਲਿਸ ਉਸ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ।