ਸੀ.ਬੀ.ਐਸ.ਈ. ਸਕੂਲਾਂ ਨੂੰ ਇਕੋ ਨਾਮ ਅਤੇ ਮਾਨਤਾ ਨੰਬਰ ਨਾਲ ਬ੍ਰਾਂਚਾਂ ਖੋਲ੍ਹਣ ਦੀ ਦਿਤੀ ਇਜਾਜ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਵਿਦਿਆਰਥੀ ਬ੍ਰਾਂਚ ਸਕੂਲ ਤੋਂ ਮੁੱਖ ਸਕੂਲ ਵਿਚ ਦਾਖਲਾ ਲੈਣਾ ਚਾਹੁੰਦਾ ਹੈ ਤਾਂ ਪ੍ਰਕਿਰਿਆ ਨਿਰਵਿਘਨ ਹੋਵੇਗੀ'

CBSE schools allowed to open branches with same name and affiliation number

ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ ਅਪਣੇ ਮਾਨਤਾ ਪ੍ਰਾਪਤ ਸਕੂਲਾਂ ਦੇ ਮਾਨਤਾ ਨਿਯਮਾਂ ’ਚ ਢਿੱਲ ਦਿੰਦੇ ਹੋਏ ਇਨ੍ਹਾਂ ਸਕੂਲਾਂ ਨੂੰ ਇਸੇ ਨਾਮ ਅਤੇ ਉਸੇ ਮਾਨਤਾ ਨੰਬਰ ’ਤੇ  ਸਕੂਲ ਦੀ ਇਕ ਹੋਰ ਸ਼ਾਖਾ ਸਥਾਪਤ ਕਰਨ ਦੀ ਇਜਾਜ਼ਤ ਦੇ ਦਿਤੀ  ਹੈ। ਅਧਿਕਾਰੀਆਂ ਨੇ ਕਿਹਾ ਕਿ ਦੋਹਾਂ  ਸਕੂਲਾਂ ਨੂੰ ਅਕਾਦਮਿਕ ਬੁਨਿਆਦੀ ਢਾਂਚੇ ਦੇ ਮਾਮਲੇ ’ਚ ਵੱਖਰੇ ਸਰੋਤਾਂ ਦਾ ਪ੍ਰਬੰਧ ਕਰਨਾ ਪਏਗਾ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਦਿਆਰਥੀ ਬ੍ਰਾਂਚ ਸਕੂਲ ਤੋਂ ਮੁੱਖ ਸਕੂਲ ਵਿਚ ਦਾਖਲਾ ਲੈਣਾ ਚਾਹੁੰਦਾ ਹੈ ਤਾਂ ਪ੍ਰਕਿਰਿਆ ਨਿਰਵਿਘਨ ਹੋਵੇਗੀ ਅਤੇ ਨਿਯਮਾਂ ਅਨੁਸਾਰ ਇਸ ਨੂੰ ਨਵਾਂ ਦਾਖਲਾ ਨਹੀਂ ਮੰਨਿਆ ਜਾਵੇਗਾ। ਅਧਿਕਾਰੀਆਂ ਨੇ ਦਸਿਆ  ਕਿ ਮੁੱਖ ਸਕੂਲ ਛੇਵੀਂ ਤੋਂ 12ਵੀਂ ਜਮਾਤ ਤਕ  ਦੀਆਂ ਕਲਾਸਾਂ ਲਵੇਗਾ, ਜਦਕਿ  ਬ੍ਰਾਂਚ ਸਕੂਲ ’ਚ ਪ੍ਰੀ-ਪ੍ਰਾਇਮਰੀ ਤੋਂ ਪੰਜਵੀਂ ਜਮਾਤ ਤਕ  ਦੀਆਂ ਜਮਾਤਾਂ ਹੋਣਗੀਆਂ।

ਸੀ.ਬੀ.ਐਸ.ਈ. ਦੇ ਸਕੱਤਰ ਹਿਮਾਂਸ਼ੂ ਗੁਪਤਾ ਨੇ ਕਿਹਾ, ‘‘ਦੋਹਾਂ  ਸਕੂਲਾਂ ਦਾ ਪ੍ਰਬੰਧਨ ਅਤੇ ਮਾਲਕੀ ਸਾਂਝੀ ਹੋਵੇਗੀ ਅਤੇ ਪ੍ਰਸ਼ਾਸਨਿਕ ਅਤੇ ਅਕਾਦਮਿਕ ਪ੍ਰਕਿਰਿਆਵਾਂ ਵੀ ਇਕੋ ਜਿਹੀਆਂ ਹੋਣਗੀਆਂ। ਦੋਹਾਂ  ਸ਼ਾਖਾਵਾਂ ਲਈ ਇਕ  ਸਾਂਝੀ ਵੈਬਸਾਈਟ ਹੋਵੇਗੀ ਅਤੇ ਇਸ ਵੈਬਸਾਈਟ ’ਚ ਬ੍ਰਾਂਚ ਸਕੂਲ ਲਈ ਇਕ  ਵੱਖਰਾ ਹਿੱਸਾ ਹੋਵੇਗਾ।’’

ਗੁਪਤਾ ਨੇ ਕਿਹਾ ਕਿ ਦੋਹਾਂ  ਸਕੂਲਾਂ ਨੂੰ ਟੀਚਿੰਗ ਅਤੇ ਨਾਨ-ਟੀਚਿੰਗ ਨਾਲ ਸਬੰਧਤ ਕਰਮਚਾਰੀਆਂ ਨੂੰ ਵੱਖਰੇ ਤੌਰ ’ਤੇ  ਨਿਯੁਕਤ ਕਰਨਾ ਪਵੇਗਾ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ ਦੀ ਅਦਾਇਗੀ ਦੀ ਜ਼ਿੰਮੇਵਾਰੀ ਵੀ ਮੁੱਖ ਸਕੂਲ ਦੀ ਹੋਵੇਗੀ।  ਫਿਲਹਾਲ ਸੀ.ਬੀ.ਐਸ.ਈ. ਬ੍ਰਾਂਚ ਸਕੂਲ ਸਥਾਪਤ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਇਕੋ ਗਰੁੱਪ ਦੇ ਹਰ ਸਕੂਲ ਦਾ ਵੱਖਰਾ ਐਫੀਲੀਏਸ਼ਨ ਨੰਬਰ ਹੋਣਾ ਜ਼ਰੂਰੀ ਹੈ। ਹਾਲਾਂਕਿ, ਨਵੇਂ ਨਿਯਮਾਂ ਦੀ ਸ਼ੁਰੂਆਤ ਨਾਲ ਇਹ ਨਿਯਮ ਬਦਲ ਗਏ ਹਨ।  ਗੁਪਤਾ ਨੇ ਕਿਹਾ ਕਿ ਬੋਰਡ ਮੁੱਖ ਸਕੂਲ ਦੇ ਪ੍ਰਿੰਸੀਪਲ ਨਾਲ ਸਾਰੇ ਮੁੱਦਿਆਂ ’ਤੇ  ਵਿਚਾਰ-ਵਟਾਂਦਰਾ ਕਰੇਗਾ।