ਤੇਲੰਗਾਨਾ ’ਚ ਸੁਰੰਗ ਡਿੱਗਣ ਨਾਲ ਬਚਾਅ ਕਰਮਚਾਰੀਆਂ ਦੀ ਜਾਨ ਖਤਰੇ ’ਚ: ਰੈੱਡੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, 10 ਏਜੰਸੀਆਂ ਦੇ ਮਾਹਰ ਅੱਠ ਲੋਕਾਂ ਦੀ ਜਾਨ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ

Rescue workers' lives in danger due to tunnel collapse in Telangana: Reddy

ਨਾਗਰਕੁਰਨੂਲ (ਤੇਲੰਗਾਨਾ) : ਤੇਲੰਗਾਨਾ ਦੇ ਸਿੰਚਾਈ ਮੰਤਰੀ ਉੱਤਮ ਕੁਮਾਰ ਰੈੱਡੀ ਨੇ ਮੰਗਲਵਾਰ ਨੂੰ ਕਿਹਾ ਕਿ ਸ਼੍ਰੀਸੈਲਮ ਲੈਫ਼ਟ ਬੈਂਕ ਕਨਾਲ (ਐਸ.ਐਲ.ਬੀ.ਸੀ.) ਸੁਰੰਗ ਦੇ ਨਿਰਮਾਣ ਅਧੀਨ ਹਿੱਸੇ ’ਚ ਫਸੇ ਲੋਕਾਂ ਨੂੰ ਬਚਾਉਣ ’ਚ ਲੱਗੀ ਟੀਮਾਂ ਦੀ ਜਾਨ ਵੀ ਚਿੱਕੜ ਅਤੇ ਪਾਣੀ ਦੇ ਨਿਰੰਤਰ ਵਹਾਅ ਕਾਰਨ ਖਤਰੇ ’ਚ ਪੈ ਸਕਦੀ ਹੈ।

ਰੈੱਡੀ ਨੇ ਪੱਤਰਕਾਰਾਂ ਨੂੰ ਦਸਿਆ  ਕਿ ਬਚਾਅ ਮੁਹਿੰਮ ਦੁਨੀਆਂ  ਜਾਂ ਘੱਟੋ ਘੱਟ ਭਾਰਤ ਵਿਚ ਸੱਭ ਤੋਂ ਗੁੰਝਲਦਾਰ ਅਤੇ ਮੁਸ਼ਕਲ ਹੈ ਕਿਉਂਕਿ ਸੁਰੰਗ ਵਿਚ ਦਾਖਲ ਹੋਣ ਜਾਂ ਬਾਹਰ ਨਿਕਲਣ ਦਾ ਸਿਰਫ ਇਕ ਹੀ ਰਸਤਾ ਹੈ। ਮੰਤਰੀ ਨੇ ਕਿਹਾ ਕਿ ਹੋ ਸਕਦਾ ਹੈ ਕਿ ਨਿਰਮਾਣ ਅਧੀਨ ਸਥਾਨ ਮਾਮੂਲੀ ਤਬਦੀਲੀਆਂ ਅਤੇ ਕੁੱਝ ਭੂਗੋਲਿਕ ਫਾਲਟ ਲਾਈਨਾਂ ਕਾਰਨ ਅੰਸ਼ਕ ਤੌਰ ’ਤੇ  ਢਹਿ ਗਿਆ ਹੋਵੇ।

ਉਨ੍ਹਾਂ ਕਿਹਾ, ‘‘ਇਕ  ਸਮੱਸਿਆ ਹੈ। ਸੁਰੰਗ ’ਚ ਪਾਣੀ ਬਹੁਤ ਤੇਜ਼ ਰਫਤਾਰ ਨਾਲ ਲੀਕ ਹੋ ਰਿਹਾ ਹੈ ਅਤੇ ਚਿੱਕੜ ਵਹਿ ਰਿਹਾ ਹੈ। ਇਸ ਲਈ ਕੁੱਝ  ਮਾਹਰਾਂ ਨੇ ਰਾਏ ਜ਼ਾਹਰ ਕੀਤੀ ਹੈ ਕਿ ਬਚਾਅ ਕਾਰਜ ’ਚ ਲੱਗੇ ਲੋਕਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਕਿਉਂਕਿ ਅਸੀਂ ਇਕ ਜ਼ਿੰਮੇਵਾਰ ਸਰਕਾਰ ਹਾਂ, ਅਸੀਂ ਬਿਹਤਰੀਨ ਮਾਹਰਾਂ ਦੀ ਰਾਏ ਲੈ ਰਹੇ ਹਾਂ ਅਤੇ ਅਸੀਂ ਅੰਤਿਮ ਫੈਸਲਾ ਲਵਾਂਗੇ (ਇਸ ਨੂੰ ਕਿਵੇਂ ਅੱਗੇ ਲਿਜਾਣਾ ਹੈ)।’’

ਮੰਤਰੀ ਨੇ ਕਿਹਾ ਕਿ ਭਾਰਤੀ ਫੌਜ, ਸਮੁੰਦਰੀ ਫ਼ੌਜ ਦੀ ਸਮੁੰਦਰੀ ਕਮਾਂਡੋ ਫੋਰਸ, ਐਨ.ਡੀ.ਆਰ.ਐਫ., ਐਸ.ਡੀ.ਆਰ.ਐਫ., ਜੀ.ਐਸ.ਆਈ., ‘ਰੈਟ ਮਾਈਨਰਜ਼’ ਅਤੇ ‘ਸਿੰਗਾਰੇਨੀ ਕੋਲੀਰੀਜ਼ ਕੰਪਨੀ ਲਿਮਟਿਡ’ ਵਰਗੀਆਂ 10 ਏਜੰਸੀਆਂ ਦੇ ਮਾਹਰ ਅੱਠ ਲੋਕਾਂ ਦੀ ਜਾਨ ਬਚਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ।

ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਵਲੋਂ  ਮੁੱਖ ਮੰਤਰੀ ਦੀ ਆਲੋਚਨਾ ਕੀਤੇ ਜਾਣ ’ਤੇ  ਪ੍ਰਤੀਕਿਰਿਆ ਦਿੰਦੇ ਹੋਏ ਉੱਤਮ ਰੈੱਡੀ ਨੇ ਇਸ ਨੂੰ ਘਿਨਾਉਣੀ ਸਿਆਸਤ ਕਰਾਰ ਦਿਤਾ। ਬੀ.ਆਰ.ਐਸ. ਨੇ ਕਿਹਾ ਕਿ ਮੁੱਖ ਮੰਤਰੀ ਰੇਵੰਤ ਰੈੱਡੀ 36 ਵਾਰ ਦਿੱਲੀ ਦਾ ਦੌਰਾ ਕਰ ਚੁਕੇ ਹਨ ਪਰ ਘਟਨਾ ਦੇ 72 ਘੰਟਿਆਂ ਬਾਅਦ ਵੀ ਉਨ੍ਹਾਂ ਕੋਲ ਐਸ.ਐਲ.ਬੀ.ਸੀ. ਸੁਰੰਗ ’ਚ ਫਸੇ ਲੋਕਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ।

ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ, ਬਚਾਅ ਮੁਹਿੰਮ ਅਜੇ ਤਕ  ਕੋਈ ਵੱਡੀ ਤਰੱਕੀ ਨਹੀਂ ਕਰ ਸਕੀ ਹੈ ਕਿਉਂਕਿ ਸ਼੍ਰੀਸੈਲਮ ਖੱਬੇ ਕੰਢੇ ਨਹਿਰ (ਐਸ.ਐਲ.ਬੀ.ਸੀ.) ਪ੍ਰਾਜੈਕਟ ਦੇ ਨਿਰਮਾਣ ਅਧੀਨ ਹਿੱਸੇ ਦੇ ਅੰਸ਼ਕ ਢਹਿ ਜਾਣ ਤੋਂ ਬਾਅਦ ਸੁਰੰਗ ’ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ’ਚ ਮਿੱਟੀ ਦੇ ਢੇਰ, ਲੋਹੇ ਦੇ ਢਾਂਚੇ ਅਤੇ ਸੀਮੈਂਟ ਬਲਾਕਾਂ ਨੇ ਰੁਕਾਵਟਾਂ ਜਾਰੀ ਰੱਖੀਆਂ ਹਨ।