ਆਕਸੀਜਨ ਤੋਂ ਬਿਨਾਂ 30 ਬੱਚਿਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੋਰਖਪੁਰ ਦੇ ਬੀ.ਆਰ.ਡੀ. ਹਸਪਤਾਲ ਵਿਚ ਦਿਮਾਗੀ ਬੁਖ਼ਾਰ ਤੋਂ ਪੀੜਤ 30 ਬੱਚਿਆਂ ਦੀ ਆਕਸੀਜਨ ਬੰਦ ਹੋਣ ਕਾਰਨ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਾਨਾਥ..

Gorakhpur accident

 

ਗੋਰਖਪੁਰ, 11 ਅਗੱਸਤ : ਗੋਰਖਪੁਰ ਦੇ ਬੀ.ਆਰ.ਡੀ. ਹਸਪਤਾਲ ਵਿਚ ਦਿਮਾਗੀ ਬੁਖ਼ਾਰ ਤੋਂ ਪੀੜਤ 30 ਬੱਚਿਆਂ ਦੀ ਆਕਸੀਜਨ ਬੰਦ ਹੋਣ ਕਾਰਨ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਾਨਾਥ ਦੇ ਪਾਰਲੀਮਾਨੀ ਹਲਕੇ ਵਿਚ ਵਾਪਰੀ ਇਸ ਹੌਲਨਾਕ ਘਟਨਾ ਕਾਰਨ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਯੋਗੀ ਆਦਿਤਯਨਾਥ ਨੇ 9 ਅਗੱਸਤ ਨੂੰ ਹਸਪਤਾਲ ਦਾ ਦੌਰਾ ਕੀਤਾ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਹਸਪਤਾਲ ਨੇ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਨੂੰ 66 ਲੱਖ ਰੁਪਏ ਦੀ ਅਦਾਇਗੀ ਕਰਨੀ ਸੀ ਅਤੇ ਰਕਮ ਨਾ ਮਿਲਣ ਕਾਰਨ ਕੰਪਨੀ ਨੇ ਕਥਿਤ ਤੌਰ 'ਤੇ ਸਪਲਾਈ ਬੰਦ ਕਰ ਦਿਤੀ। ਗੋਰਖਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਰਾਜੀਵ ਰੌਟੇਲਾ ਨੇ ਬਾਬਾ ਰਾਘਵ ਦਾਸ ਮੈਡੀਕਲ ਕਾਲਜ  ਵਿਚ ਪਿਛਲੇ 48 ਘੰਟਿਆਂ ਦੌਰਾਨ ਬੱਚਿਆਂ ਦੀ ਮੌਤ ਹੋਣ ਦੀ ਪੁਸ਼ਟੀ ਤਾਂ ਕੀਤੀ ਪਰ ਇਸ ਵੱਡੇ ਦੁਖਾਂਤ ਦਾ ਕਾਰਨ ਨਹੀਂ ਦਸਿਆ। ਦੁਖਾਂਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਮੇਟੀ ਗਠਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਪਿਛਲੇ 48 ਘੰਟੇ ਦੌਰਾਨ 30 ਮੌਤਾਂ ਹੋਈਆਂ। ਅਦਾਇਗੀ ਨਾ ਹੋਣ ਕਾਰਨ ਆਕਸੀਜਨ ਦੀ ਸਪਲਾਈ ਰੋਕ ਦਿਤੀ ਗਈ ਸੀ। ਸਬੰਧਤ ਕੰਪਨੀ ਨੂੰ ਗੁਜ਼ਾਰਸ਼ ਕੀਤੀ ਗਈ ਹੈ ਕਿ ਸਪਲਾਈ ਨਾ ਰੋਕੀ ਜਾਵੇ। ਇਥੇ ਦਸਣਾ ਬਣਦਾ ਹੈ ਕਿ ਮੁੱਖ ਮੰਤਰੀ ਯੋਗੀ ਆਦਿਤਯਾਨਾਥ ਨੇ ਮਈ 2017 ਵਿਚ ਦਿਮਾਗੀ ਬੁਖ਼ਾਰੀ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਦਾ ਟੀਚਾ ਤੈਅ ਕੀਤਾ ਸੀ ਜਿਸ ਨਾਲ ਸੂਬੇ ਵਿਚ ਹਰ ਸਾਲ ਸੈਂਕੜੇ ਬੱਚਿਆਂ ਦੀ ਮੌਤ ਹੁੰਦੀ ਹੈ।
ਦੂਜੇ ਪਾਸੇ ਸੂਬੇ ਵਿਚ ਮੈਡੀਕਲ ਸਿਖਿਆ ਦੇ ਡਾਇਰੈਕਟਰ ਜਨਰਲ ਡਾ. ਕੇ.ਕੇ. ਗੁਪਤਾ ਨੇ ਆਕਸੀਜਨ ਬੰਦ ਹੋਣ ਦੀਆਂ ਰੀਪੋਰਟਾਂ ਨੂੰ ਬਿਲਕੁਲ ਬੇਬੁਨਿਆਦ ਕਰਾਰ ਦਿਤਾ ਅਤੇ ਕਿ ਹਸਪਤਾਲ ਵਿਚ ਅਪਣੇ ਗੈਸ ਪਲਾਂਟ ਅਤੇ ਜ਼ਿੰਦਗੀ ਬਚਾਉਣ ਵਿਚ ਸਹਾਈ ਹੋਣ ਵਾਲੀ ਗੈਸ ਦੀ ਸਪਲਾਈ ਦੀ ਕਮੀ ਆਉਣ ਦੀ ਕੋਈ ਸੰਭਾਵਨਾ ਨਹੀਂ। ਘਟਨਾ ਬਾਰੇ ਪਤਾ ਲਗਦਿਆਂ ਹੀ ਉਹ ਗੋਰਖਪੁਰ ਵਲ ਰਵਾਨਾ ਹੋ ਗਏ। ਇਥੇ ਦਸਣਾ ਬਣਦਾ ਹੈ ਕਿ ਯੂ.ਪੀ. ਦੇ ਇਸ ਇਲਾਕੇ ਵਿਚ

ਪਿਛਲੇ ਚਾਰ ਦਹਾਕੇ ਦੌਰਾਨ ਦਿਮਾਗੀ ਬੁਖ਼ਾਰ ਅਤੇ ਜਾਪਾਨੀ ਬੁਖ਼ਾਰ ਕਾਰਨ 40 ਹਜ਼ਾਰ ਤੋਂ ਵੱਧ ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਸੂਬੇ ਵਿਚ ਇਹ ਦੁਖਾਂਤ ਵੱਡਾ ਸਿਆਸੀ ਮੁੱਦਾ ਬਣ ਸਕਦਾ ਹੈ। ਮੁੱਖ ਮੰਤਰੀ ਯੋਗੀ  ਆਦਿਤਯਾਨਾਥ ਦੇ ਪਾਰਲੀਮਾਨੀ ਹਲਕੇ ਵਿਚ ਘਟਨਾ ਵਾਪਰਨ ਕਾਰਨ ਵਿਰੋਧੀ ਪਾਰਟੀਆਂ ਨੂੰ ਉਨ੍ਹਾਂ 'ਤੇ ਹਮਲਾ ਕਰਨ ਦਾ ਵੱਡਾ ਹਥਿਆਰ ਮਿਲ ਗਿਆ ਹੈ।

(ਏਜੰਸੀ)