ਮੁਸਲਮਾਨਾਂ ਵਿਚ ਅਸੁਰੱਖਿਆ ਦੀ ਭਾਵਨਾ ਬਾਰੇ ਅੰਸਾਰੀ ਦਾ ਬਿਆਨ ਸਿਆਸੀ ਏਜੰਡੇ ਦਾ ਹਿੱਸਾ : ਨਾਇਡੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੈਂਕਈਆ ਨਾਇਡੂ ਸ਼ੁਕਰਵਾਰ ਨੂੰ ਉਪ-ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣਗੇ ਪਰ ਇਸ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੇ ਘੱਟ-ਗਿਣਤੀਆਂ ਵਿਚ ਅਸੁਰੱਖਿਆ ਦੀ ਭਾਵਨਾ ਹੋਣ ਦੀ...

Naidu

ਨਵੀਂ ਦਿੱਲੀ, 10 ਅਗੱਸਤ : ਵੈਂਕਈਆ ਨਾਇਡੂ ਸ਼ੁਕਰਵਾਰ ਨੂੰ ਉਪ-ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣਗੇ ਪਰ ਇਸ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੇ ਘੱਟ-ਗਿਣਤੀਆਂ ਵਿਚ ਅਸੁਰੱਖਿਆ ਦੀ ਭਾਵਨਾ ਹੋਣ ਦੀ ਗੱਲ ਨੂੰ ਮਹਿਜ਼ ਰਾਜਸੀ ਪ੍ਰਚਾਰ ਕਰਾਰ ਦਿਤਾ। ਨਾਇਡੂ ਨੇ ਭਾਵੇਂ ਕਿਸੇ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਦੀ ਟਿਪਣੀ ਨੂੰ ਅੱਜ ਸੇਵਾ ਮੁਕਤ ਹੋ ਗਏ ਰਾਸ਼ਟਰਪਤੀ ਹਾਮਿਕ ਅੰਸਾਰੀ ਦੀ ਇਕ ਟੈਲੀਵਿਜ਼ਨ ਇੰਟਰਵਿਊ  'ਤੇ ਪ੍ਰਤੀਕਿਰਿਆ ਵਜੋਂ ਵੇਖਿਆ ਜਾ ਰਿਹਾ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਦੇਸ਼ ਦੇ ਮੁਸਲਮਾਨਾਂ ਵਿਚ ਅਸੁਰੱਖਿਆ ਦੀ ਭਾਵਨਾ ਹੈ ਅਤੇ ਧਾਰਮਕ ਮਾਹੌਲ ਖ਼ਤਰੇ ਵਿਚ ਹੈ।
ਨਾਇਡੂ ਨੇ ਕਿਹਾ, ''ਕੁੱਝ ਲੋਕ ਕਹਿ ਰਹੇ ਹਨ ਕਿ ਘੱਟ ਗਿਣਤੀ ਅਸੁਰੱਖਿਅਤ ਹਨ, ਇਹ ਇਕ ਰਾਜਸੀ ਪ੍ਰਚਾਰ ਹੈ। ਪੂਰੀ ਦੁਨੀਆਂ ਦੇ ਮੁਕਾਬਲੇ ਘੱਟ ਗਿਣਤੀ ਤਬਕਾ ਭਾਰਤ ਜ਼ਿਆਦਾ ਸੁਰੱਖਿਅਤ ਹੈ।'' ਉਨ੍ਹਾਂ ਨੇ ਇਸ ਗੱਲ ਨਾਲ ਸਹਿਮਤੀ ਵੀ ਪ੍ਰਗਟ ਨਹੀਂ ਕੀਤੀ ਕਿ ਦੇਸ਼ ਵਿਚ ਅਸਹਿਣਸ਼ੀਲਤਾ ਵਧ ਰਹੀ ਹੈ ਅਤੇ ਕਿਹਾ ਕਿ ਭਾਰਤੀ ਸਮਾਜ ਅਪਣੇ ਲੋਕਾਂ ਅਤੇ ਸਭਿਅਤਾ ਕਾਰਨ ਦੁਨੀਆਂ ਵਿਚ ਸੱਭ ਤੋਂ ਜ਼ਿਆਦਾ ਸਹਿਣਸ਼ੀਲ ਹੈ। ਭਾਜਪਾ ਦੇ ਸਾਬਕਾ ਪ੍ਰਧਾਨ ਨੇ ਇਕ ਤਬਕੇ ਨੂੰ ਵਖਰਾ ਵਿਖਾ ਕੇ ਦੇਸ਼ ਦੇ ਲੋਕਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਪ੍ਰਤੀ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਨਾਲ ਹੋਰਨਾਂ ਤਬਕਿਆਂ 'ਤੇ ਵੀ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ, ''ਜੇ ਤੁਸੀਂ ਇਕ ਤਬਕੇ ਨੂੰ ਵਖਰਾ ਕਰ ਕੇ ਵੇਖੋਗੇ ਤਾਂ ਦੂਜੇ ਤਬਕੇ ਇਸ ਨੂੰ ਹਲਕੇ ਤੌਰ 'ਤੇ ਨਹੀਂ ਲੈਣਗੇ। ਇਸ ਲਈ ਸਾਡਾ ਮੰਨਣਾ ਹੈ ਕਿਸ ਸਾਰੇ ਤਬਕੇ ਇਕਸਾਰ ਹਨ ਅਤੇ ਕਿਸੇ ਇਕ ਨੂੰ ਵਿਸ਼ੇਸ਼ ਸਹੂਲਤਾਂ ਨਹੀਂ ਦਿਤੀਆਂ ਜਾ ਰਹੀਆਂ। ਸਾਰਿਆਂ ਲਈ ਨਿਆਂ ਬਰਾਬਰ ਹੈ।'' (ਏਜੰਸੀ)