ਦੇਸ਼ ਵਿਚ ਹਰ ਪਾਸੇ ਡਰ, ਹਿੰਸਾ ਅਤੇ ਬੇਚੈਨੀ ਦਾ ਮਾਹੌਲ : ਮਾਇਆਵਤੀ
ਬਹੁਜਨ ਸਮਾਜ ਪਾਰਟੀ ਦੀ ਸੁਪ੍ਰੀਮੋ ਮਾਇਆਵਤੀ ਨੇ ਅੱਜ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਈ ਹਥਕੰਡਿਆਂ ਤੋਂ ਇਲਾਵਾ...
ਲਖਨਊ, 10 ਅਗੱਸਤ : ਬਹੁਜਨ ਸਮਾਜ ਪਾਰਟੀ ਦੀ ਸੁਪ੍ਰੀਮੋ ਮਾਇਆਵਤੀ ਨੇ ਅੱਜ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਈ ਹਥਕੰਡਿਆਂ ਤੋਂ ਇਲਾਵਾ ਉਨ੍ਹਾਂ ਦੀ ਗ਼ੈਰਸੰਵਿਧਾਨਕ ਤੇ ਗ਼ੈਰਜਮਹੂਰੀ ਨੀਤੀ ਕਾਰਨ ਦੇਸ਼ ਵਿਚ ਹਰ ਪਾਸੇ ਡਰ, ਹਿੰਸਾ, ਬੇਚੈਨੀ ਅਤੇ ਦਹਿਸ਼ਤ ਵਾਲਾ ਮਾਹੌਲ ਹੈ।
ਬਸਪਾ ਦਫ਼ਤਰ ਵਲੋਂ ਜਾਰੀ ਬਿਆਨ ਮੁਤਾਬਕ ਪਾਰਟੀ ਬੈਠਕ ਵਿਚ ਮਾਇਆਵਤੀ ਨੇ ਕਿਹਾ ਕਿ ਗ਼ਰੀਬਾਂ, ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ, ਬੁੱਧੀਜੀਵੀਆਂ ਅਤੇ ਵਪਾਰੀ ਵਰਗ ਤੋਂ ਇਲਾਵਾ ਦਲਿਤ, ਪਛੜੇ ਵਰਗ ਅਤੇ ਧਾਰਮਕ ਘੱਟ ਗਿਣਤੀਆਂ ਨਾਲ ਹੋ ਰਹੇ ਵਿਤਕਰੇ ਅਤੇ ਨਾਇਨਸਾਫ਼ੀ ਨੂੰ ਅੱਜ ਸਾਰੇ ਦੇਸ਼ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਲੋਕ ਭਲਾਈ ਕਾਨੂੰਨ ਅਤੇ ਮਨੁੱਖਤਾ ਦੇ ਹਮਾਇਤੀ ਸੰਵਿਧਾਨ ਨੂੰ ਅਸਫ਼ਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਾਇਆਵਤੀ ਨੇ ਕਿਹਾ ਕਿ ਸਰਕਾਰ ਦਾ ਹੰਕਾਰ ਦੇਸ਼ ਨੂੰ ਲਗਾਤਾਰ ਤਬਾਹੀ ਵਲ ਲਿਜਾ ਰਿਹਾ ਹੈ। ਯੂ.ਪੀ. ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਬਸਪਾ ਇਕ ਰਾਜਸੀ ਪਾਰਟੀ ਹੋਣ ਦੇ ਨਾਲ-ਨਾਲ ਜਨ ਅੰਦੋਲਨ ਵੀ ਹੈ। ਇਹ ਡਾ. ਬੀ.ਆਰ.ਅੰਬੇਦਕਰ ਦੇ ਵਿਚਾਰਧਾਰਾ ਤੋਂ ਬਣੀ ਦੇਸ਼ ਦੀ ਇਕੋ-ਇਕ ਮਜ਼ਬੂਤ ਪਾਰਟੀ ਹੈ ਜਿਸ ਨੇ ਅਪਣੇ ਸਫ਼ਰ ਦੌਰਾਨ ਕਈ ਉਤਾਰ-ਚੜ੍ਹਾਅ ਵੇਖੇ ਹਨ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਭਾਜਪਾ ਸੱਤਾ ਵਿਚ ਆਉਣ ਪਿੱਛੋਂ ਸੰਸਦ ਪ੍ਰਤੀ ਜਵਾਬਦੇਹ ਹੋਣਾ ਪਸੰਦ ਨਹੀਂ ਕਰ ਰਹੀ। ਆਰ.ਐਸ.ਐਸ. ਦੇ ਗੁਪਤ ਏਜੰਡੇ ਅਤੇ ਲੋਕ ਵਿਰੋਧੀ ਨੀਤੀਆਂ ਤੇ ਕੰਮਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। (ਏਜੰਸੀ)