ਗੋਰਖਪੁਰ ਹਾਦਸਾ ਮੌਤਾਂ ਲਈ ਗੰਦਗੀ ਜ਼ਿੰਮੇਵਾਰ: ਯੋਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੋਰਖਪੁਰ ਦੇ ਹਸਪਤਾਲ ਪ੍ਰਸ਼ਾਸਨ ਨੇ ਇਸ ਗੱਲੋਂ ਇਨਕਾਰ ਕੀਤਾ ਹੈ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦੋ ਦਿਨਾਂ 'ਚ 30 ਬੱਚਿਆਂ ਦੀ ਮੌਤ ਆਕਸੀਜਨ ਦੀ ਕਮੀ ਕਰ ਕੇ..

Gorakhpur accident

ਗੋਰਖਪੁਰ, 12 ਅਗੱਸਤ : ਗੋਰਖਪੁਰ ਦੇ ਹਸਪਤਾਲ ਪ੍ਰਸ਼ਾਸਨ ਨੇ ਇਸ ਗੱਲੋਂ ਇਨਕਾਰ ਕੀਤਾ ਹੈ ਕਿ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਦੋ ਦਿਨਾਂ 'ਚ 30 ਬੱਚਿਆਂ ਦੀ ਮੌਤ ਆਕਸੀਜਨ ਦੀ ਕਮੀ ਕਰ ਕੇ ਹੋਈ ਹੈ। ਸਰਕਾਰ ਨੇ ਇਸ ਮਾਮਲੇ 'ਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਬੀਆਰਡੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਮਿਸ਼ਰਾ ਨੂੰ ਮੁਅੱਤਲ ਕਰ ਦਿਤਾ ਹੈ। ਇਸ ਦੇ ਨਾਲ ਹੀ ਮੁੱਖ ਸਕੱਤਰ ਦੀ ਅਗਵਾਈ ਵਾਲੀ ਜਾਂਚ ਕਮੇਟੀ ਬਣਾ ਦਿਤੀ ਗਈ ਹੈ ਜਿਹੜੀ ਹਫ਼ਤੇ ਵਿਚ ਰੀਪੋਰਟ ਦੇਵੇਗੀ। ਪ੍ਰਿੰਸੀਪਲ 'ਤੇ ਦੋਸ਼ ਹੈ ਕਿ ਉਸ ਨੇ ਆਕਸੀਜਨ ਸਪਲਾਈ ਕਰਨ ਵਾਲੀ ਕੰਪਨੀ ਨੂੰ ਪੈਸਿਆਂ ਦੀ ਅਦਾਇਗੀ ਕਰਨ 'ਚ ਦੇਰ ਕੀਤੀ। ਦੋ ਦਿਨਾਂ 'ਚ 30 ਬੱÎਚਿਆਂ ਦੀ ਮੌਤ 'ਤੇ ਪੂਰੇ ਭਾਰਤ ਵਿਚ ਦੁੱਖ ਅਤੇ ਗੁੱਸੇ ਦੀ ਲਹਿਰ ਦੌੜ ਗਈ ਹੈ। ਲੋਕ ਯੂਪੀ ਸਰਕਾਰ ਨੂੰ ਸਵਾਲ ਕਰ ਰਹੇ ਹਨ ਅਤੇ ਭਾਜਪਾ ਦੇ ਆਗੂ ਵੀ ਅਪਣੀ ਹੀ ਸਰਕਾਰ ਨੂੰ ਘੇਰ ਰਹੇ ਹਨ।
ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਘਟਨਾ ਦੀ ਡੂੰਘੀ ਜਾਂਚ ਕਰ ਕੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿਤੇ ਹਨ। ਮੁੱਖ ਮੰਤਰੀ ਨੇ ਇਲਾਹਾਬਾਦ 'ਚ ਕਿਸੇ ਸਮਾਗਮ ਵਿਚ ਕਿਹਾ, 'ਬੱਚਿਆਂ ਦੀ ਮੌਤ ਲਈ ਗੰਦਗੀ ਅਤੇ ਖੁਲ੍ਹੇ 'ਚ ਮਲ ਤਿਆਗ ਵੱਡਾ ਕਾਰਨ ਹੈ। ਇਸ ਤੋਂ ਇਲਾਵਾ ਪਖ਼ਾਨੇ ਵਾਲੇ ਟੈਂਕ ਲੋਕਾਂ ਘਰਾਂ ਵਿਚ ਬਣਾਉਂਦੇ ਹਨ, ਜਗ੍ਹਾ ਦੀ ਕਮੀ ਕਾਰਨ ਗੰਦਗੀ ਫੈਲਦੀ ਹੈ ਅਤੇ ਫਿਰ ਇਹ ਭਿਆਨਕ ਰੂਪ ਲੈ ਲੈਂਦੀ ਹੈ। ਇਹ ਬੀਮਾਰੀ 1978 ਤੋਂ ਚੱਲ ਰਹੀ ਹੈ।' ਯੋਗੀ ਅਦਿਤਿਆਨਾਥ 20 ਸਾਲਾਂ ਤੋਂ ਗੋਰਖਪੁਰ ਤੋਂ ਸੰਸਦ ਮੈਂਬਰ ਬਣਦੇ ਆ ਰਹੇ ਹਨ।  ਉਧਰ, ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਨੇ ਰਾਜ ਸਰਕਾਰ ਕੋਲੋਂ ਇਸ ਘਟਨਾ ਦੀ ਰੀਪੋਰਟ ਮੰਗੀ ਹੈ। ਉਨ੍ਹਾਂ ਰਾਜ ਮੰਤਰੀ (ਸਿਹਤ) ਅਨੁਪ੍ਰਿਯਾ ਪਟੇਲ ਨੂੰ ਤੁਰਤ ਹਸਪਤਾਲ


ਦਾ ਦੌਰਾ ਕਰਨ ਦਾ ਹੁਕਮ ਦਿਤਾ। ਗੋਰਖਪੁਰ ਆਏ ਸਿਹਤ ਮੰਤਰੀ ਸਿਧਾਰਥ ਨਾਥ ਸਿੰਘ ਨੇ ਕਿਹਾ ਕਿ ਇਹ ਘਟਨਾ


ਗੰਭੀਰ ਹੈ। ਸਰਕਾਰ ਇਸ ਘਟਨਾ ਪ੍ਰਤੀ ਸੰਵੇਦਨਸ਼ੀਲ ਹੈ। ਕਿਸੇ ਨੇ ਵੀ ਆਕਸੀਜਨ ਦੀ ਕਮੀ ਬਾਰੇ ਨਹੀਂ ਦਸਿਆ ਸੀ। ਉਨ੍ਹਾਂ ਕਿਹਾ ਕਿ ਹਾਰ ਸਾਲ ਅਗੱਸਤ ਵਿਚ ਬੱਚਿਆਂ ਦੀ ਮੌਤ ਹੁੰਦੀ ਹੈ। ਹਸਪਤਾਲ ਵਿਚ ਗੰਭੀਰ ਬੱਚੇ ਆਉਂਦੇ ਹਨ। ਸਾਲ 2014 ਵਿਚ 567 ਬੱਚਿਆਂ ਦੀ ਮੌਤ ਹੋਈ ਸੀ। ਮੁੱਖ ਮੰਤਰੀ ਦੇ ਦੌਰੇ ਮੌਕੇ ਗੈਸ ਸਪਲਾਈ ਬਾਬਤ

ਕੋਈ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਵੱਖ ਵੱਖ ਕਾਰਨਾਂ ਕਰ ਕੇ ਬੱਚਿਆਂ ਦੀ ਮੌਤ ਹੋਈ। ਗੈਸ ਦੀ ਕਮੀ ਨਾਲ ਬੱਚਿਆਂ ਦੀ ਮੌਤ ਨਹੀਂ ਹੋਈ।
    ਮੰਤਰੀ ਨੇ ਕਿਹਾ ਕਿ ਗੈਸ ਸਲੰਡਰ ਸ਼ਾਮ ਸਾਢੇ 7 ਵਜੇ ਤੋਂ ਰਾਤ ਸਾਢੇ 11 ਵਜੇ ਤਕ ਚੱਲੇ। ਸਾਢੇ ਗਿਆਰਾਂ ਵਜੇ ਤੋਂ ਡੇਢ ਵਜੇ ਤਕ ਸਪਲਾਈ ਨਹੀਂ ਹੋਈ ਪਰ ਇਸ ਦੌਰਾਨ ਕਿਸੇ ਬੱਚੇ ਦੀ ਮੌਤ ਨਹੀਂ ਹੋਈ। ਆਕਸੀਜਨ ਦੀ ਹੁਣ ਕੋਈ ਕਮੀ ਨਹੀਂ। ਦਰਅਸਲ ਹਸਪਤਾਲ ਵਿਚ ਤਰਲ ਆਕਸੀਜਨ ਤਾਂ ਵੀਰਵਾਰ ਤੋਂ ਹੀ ਬੰਦ ਸੀ ਅਤੇ ਸ਼ੁਕਰਵਾਰ ਨੂੰ ਸਾਰੇ ਸਲੰਡਰ ਵੀ ਖ਼ਤਮ ਹੋ ਗਏ। ਹਸਪਤਾਲ ਵਿਚ ਆਕਸੀਜਨ ਸਪਲਾਈ ਕਰਨ ਵਾਲੀ ਫ਼ਰਮ ਦਾ 69 ਲੱਖ ਰੁਪਏ ਦਾ ਬਿਲ ਖੜਾ ਸੀ। ਸਰਕਾਰ ਨੇ ਕਿਹਾ ਕਿ ਆਕਸੀਜਨ ਦੀ ਕਮੀ ਕਰ ਕੇ ਮੌਤਾਂ ਨਹੀਂ ਹੋਈਆਂ ਸਗੋਂ ਵੱਖ ਵੱਖ ਕਾਰਨਾਂ ਕਰ ਕੇ ਹੋਈਆਂ ਹਨ। ਘਟਨਾ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦੇ ਦਿਤੇ ਗਏ ਹਨ ਅਤੇ ਡੀਐਮ ਨੇ 5 ਮੈਂਬਰੀ ਟੀਮ ਬਣਾ ਦਿਤੀ ਹੈ। (ਏਜੰਸੀ)