ਲੋਕ ਸਭਾ ਵਿਚ ਗੂੰਜਿਆ ਚੰਡੀਗੜ੍ਹ ਦੀ ਲੜਕੀ ਦਾ ਮੁੱਦਾ
ਲੋਕ ਸਭਾ ਵਿਚ ਅੱਜ ਕਾਂਗਰਸ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਨੇ ਚੰਡੀਗੜ੍ਹ ਵਿਚ ਇਕ ਲੜਕੀ ਦਾ ਪਿੱਛਾ ਕੀਤੇ ਜਾਣ ਦਾ ਮੁੱਦਾ ਉਠਾਇਆ ਜਿਸ 'ਤੇ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ
ਨਵੀਂ ਦਿੱਲੀ, 10 ਅਗੱਸਤ : ਲੋਕ ਸਭਾ ਵਿਚ ਅੱਜ ਕਾਂਗਰਸ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਨੇ ਚੰਡੀਗੜ੍ਹ ਵਿਚ ਇਕ ਲੜਕੀ ਦਾ ਪਿੱਛਾ ਕੀਤੇ ਜਾਣ ਦਾ ਮੁੱਦਾ ਉਠਾਇਆ ਜਿਸ 'ਤੇ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਕਾਨੂੰਨ ਅਪਣਾ ਕੰਮ ਕਰੇਗਾ ਅਤੇ ਕਾਂਗਰਸ ਨੂੰ ਇਸ ਮੁੱਦੇ ਨੂੰ ਰਾਜਸੀ ਰੰਗ ਨਹੀਂ ਦੇਣਾ ਚਾਹੀਦਾ।
ਸਿਫ਼ਰ ਕਾਲ ਦੌਰਾਨ ਕਾਂਗਰਸ ਦੇ ਦੀਪੇਂਦਰ ਹੁੱਡਾ ਨੇ ਚੰਡੀਗੜ੍ਹ ਦੀ ਘਟਨਾ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਇਸ ਮਾਮਲੇ ਵਿਚ ਪੀੜਤਾ ਨੂੰ ਮਾੜੇ ਕਿਰਦਾਰ ਵਾਲੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਇਸ ਮਾਮਲੇ ਵਿਚ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਕੀਤੀ ਅਤੇ ਦੋਸ਼ ਲਾਇਆ ਕਿ ਕਾਂਗਰਸੀ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਹਨ।
ਹੁੱਡਾ ਨੇ ਕਿਹਾ ਕਿਹਾ, ''ਮੈਂ ਇਸ ਮਾਮਲੇ 'ਤੇ ਸਿਆਸਤ ਨਹੀਂ ਕਰ ਰਿਹਾ ਪਰ ਲੜਕੀ ਨੂੰ ਮਾੜੇ ਕਿਰਦਾਰ ਵਾਲੀ ਸਾਬਤ ਕਰਨ ਦੀ ਕੋਸ਼ਿਸ਼ ਬਹੁਤ ਅਫ਼ਸੋਸ ਵਾਲੀ ਹੈ।'' ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਦੀ ਇਕ ਮਹਿਲਾ ਬੁਲਾਰਾ ਅਤੇ ਕੇਂਦਰੀ ਮੰਤਰੀ ਨੇ ਟਵਿਟਰ ਰਾਹੀਂ ਤਸਵੀਰ ਜਾਰੀ ਕੀਤੀ ਜੋ ਫ਼ਰਜ਼ੀ ਸੀ। ਪ੍ਰਸ਼ਾਸਨ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ, ''ਇਕ ਭਾਜਪਾ ਨੇਤਾ ਨੇ ਸਵਾਲ ਕੀਤਾ ਕਿ ਲੜਕੀ ਰਾਤ ਨੂੰ 12 ਵਜੇ ਘਰ ਤੋਂ ਬਾਹਰ ਕਿਉਂ ਨਿਕਲੀ? ਮੈਂ ਸਵਾਲ ਕਰਨਾ ਚਾਹੁੰਦਾ ਹੈ ਕਿ ਕੀ ਦੇਸ਼ ਵਿਚ ਅਜਿਹਾ ਕੋਈ ਕਾਨੂੰਨ ਹੈ ਕਿ ਲੜਕੀਆਂ ਰਾਤ ਵੇਲੇ ਬਾਹਰ ਨਹੀਂ ਨਿਕਲ ਸਕਦੀਆਂ।'' (ਏਜੰਸੀ)