ਮਲੇਸ਼ੀਆ ਦੇ ਗੁਰਦਵਾਰੇ 'ਚ ਮੂਰਤੀ ਵਾਂਗ ਹੋ ਰਹੀ ਹੈ ਬੀੜ ਦੀ ਪੂਜਾ
ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਦੇ ਗੁਰਦਵਾਰਾ ਪੂਚੋਂਗ 'ਚ ਲਗਭਗ ਸਾਢੇ ਚਾਰ ਫੁੱਟ ਦੀ ਬੀੜ ਨੂੰ ਪਿਛਲੇ ਲੰਮੇ ਸਮੇਂ ਤੋਂ ਸ਼ੀਸ਼ੇ ਦੇ ਇਕ ਕੈਬਿਨ 'ਚ ਰੱਖ ਕੇ ਮੂਰਤੀ ਵਾਂਗ...
ਕੋਟਕਪੂਰਾ, 12 ਅਗੱਸਤ (ਗੁਰਿੰਦਰ ਸਿੰਘ): ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਦੇ ਗੁਰਦਵਾਰਾ ਪੂਚੋਂਗ 'ਚ ਲਗਭਗ ਸਾਢੇ ਚਾਰ ਫੁੱਟ ਦੀ ਬੀੜ ਨੂੰ ਪਿਛਲੇ ਲੰਮੇ ਸਮੇਂ ਤੋਂ ਸ਼ੀਸ਼ੇ ਦੇ ਇਕ ਕੈਬਿਨ 'ਚ ਰੱਖ ਕੇ ਮੂਰਤੀ ਵਾਂਗ ਉਸ ਦੀ ਪੂਜਾ ਕੀਤੀ ਜਾ ਰਹੀ ਹੈ। ਗੁਰਦਵਾਰੇ ਦੇ ਪ੍ਰਧਾਨ ਅਵਤਾਰ ਸਿੰਘ ਦੀ ਦੇਖ ਰੇਖ 'ਚ ਇਹ ਬੀੜ ਤਿਆਰ ਕਰਵਾਈ ਗਈ ਹੈ ਜੋ ਗੁਰਬਾਣੀ ਗਿਆਨ ਤੋਂ ਅਨਜਾਣ ਹੀ ਨਹੀਂ ਬਲਕਿ ਕੋਰੀ ਹੈ।
ਉਕਤ ਮਾਮਲੇ ਦਾ ਚਿੰਤਾਜਨਕ ਪਹਿਲੂ ਇਹ ਹੈ ਕਿ ਇਹ ਬੀੜ ਕਦੇ ਵੀ ਪ੍ਰਕਾਸ਼ ਨਹੀਂ ਕੀਤੀ ਜਾਂਦੀ ਤੇ ਉਸੇ ਥੜ੍ਹੇ 'ਤੇ ਸ੍ਰੀ ਅਖੰਡ ਪਾਠ ਵੀ ਅਕਸਰ ਹੀ ਚਲਦਾ ਰਹਿੰਦਾ ਹੈ। ਉਘੇ ਸਿੱਖ ਪ੍ਰਚਾਰਕ ਪ੍ਰੋ. ਰਜਿੰਦਰ ਸਿੰਘ ਰਾਜਨ ਅਨੁਸਾਰ ਇਹ ਸਾਰਾ ਮਾਮਲਾ ਸੁਚੇਤ ਸੰਗਤ ਵਲੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਧਿਆਨ 'ਚ ਪਹਿਲਾਂ ਤੋਂ ਹੀ ਲਿਆਂਦਾ ਜਾ ਚੁੱਕਾ ਹੈ ਅਤੇ ਉਨ੍ਹਾਂ ਖ਼ੁਦ ਵੀ ਇਸ ਮਾਮਲੇ 'ਤੇ ਗੱਲਬਾਤ ਕਰਨ ਲਈ ਜਥੇਦਾਰ ਦੇ ਪੀਏ ਦੇ ਮੋਬਾਈਲ 'ਤੇ ਫ਼ੋਨ ਕਰ ਕੇ ਗੱਲ ਕਰਵਾਉਣ ਲਈ ਕਿਹਾ ਪਰ ਉਸ ਨੇ ਉਨ੍ਹਾਂ ਦੀ ਗੱਲ ਨਾ ਕਰਵਾਈ। ਉਨ੍ਹਾਂ ਕਿਹਾ ਕਿ ਉਨ੍ਹਾਂ ਪੀਏ ਨਾਲ ਕੀਤੀ ਸਾਰੀ ਗੱਲਬਾਤ ਦੀ ਰੀਕਾਰਡਿੰਗ ਕਰ ਲਈ ਸੀ ਜੋ ਹੁਣ ਵੀ ਉਨ੍ਹਾਂ ਕੋਲ
ਮੌਜੂਦ ਹੈ
ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ। ਪਤਾ ਨਹੀਂ ਜਥੇਦਾਰ ਇਸ ਮਾਮਲੇ 'ਤੇ ਕਿਉਂ ਚੁੱਪ ਕਿਉਂ ਹਨ? ਪ੍ਰੋ. ਰਾਜਨ ਨੇ ਸੰਗਤ ਵਲੋਂ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਕੁੱਝ ਸਵਾਲ ਕੀਤੇ ਹਨ ਕਿ ਬੀੜ ਕਿਸ ਤਰੀਕੇ ਨਾਲ ਤਿਆਰ ਕਰਵਾਈ ਗਈ? ਕੀ ਉਸ ਨੂੰ ਤਿਆਰ ਕਰਵਾਉਣ ਲਈ ਕਿਸੇ ਸਿੱਖ ਸੰਸਥਾ ਨੂੰ ਸੂਚਿਤ ਕਰ ਕੇ ਪ੍ਰਵਾਨਗੀ ਲਈ ਗਈ? ਕੀ ਬੀੜ ਤਿਆਰ ਹੋਣ ਤੋਂ ਪਹਿਲਾਂ ਕੋਈ ਪਰੂਫ਼ ਰੀਡਿੰਗ ਹੋਈ? ਕੀ ਕਿਸੇ ਪ੍ਰਵਾਨਤ ਬੀੜ ਨਾਲ ਕੋਈ ਮਿਲਾਨ ਕੀਤਾ ਗਿਆ? ਆਖ਼ਰ ਇੰਨੇ ਵੱਡੇ ਆਕਾਰ ਵਿਚ ਬੀੜ ਤਿਆਰ ਕਰਵਾਉਣ ਦਾ ਕੀ ਮੁੱਖ ਕਾਰਨ ਹੈ ?
ਪ੍ਰੋ. ਰਜਿੰਦਰ ਸਿੰਘ ਰਾਜਨ ਨੇ ਕਿਹਾ ਕਿ ਸਕੱਤਰ, ਸ਼੍ਰੋਮਣੀ ਕਮੇਟੀ ਅਨੁਸਾਰ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਵਲੋਂ ਵਖਰੇ-ਵਖਰੇ ਤੌਰ 'ਤੇ ਮਤੇ ਪਾਸ ਕੀਤੇ ਗਏ ਹਨ ਕਿ ਬੀੜਾਂ ਛਾਪਣ ਦਾ ਅਧਿਕਾਰ ਸਿਰਫ਼ ਸ਼੍ਰੋਮਣੀ ਕਮੇਟੀ ਨੂੰ ਹੀ ਹੈ, ਹੋਰ ਕਿਸੇ ਨੂੰ ਨਹੀਂ। ਤਾਂ ਫਿਰ ਕੀ ਇਨ੍ਹਾਂ ਮਤਿਆਂ ਦੀ ਜਾਣਕਾਰੀ ਜਥੇਦਾਰ ਨੂੰ ਨਹੀਂ?