ਸਰਕਾਰਾਂ ਦੀ ਅਣਦੇਖੀ ਅੱਜ ਵੀ ਨੌਕਰੀ ਦੀ ਤਲਾਸ਼ 'ਚ ਠੋਕਰਾਂ ਖਾ ਰਿਹੈ ਸ਼ਹੀਦ ਊਧਮ ਸਿੰਘ ਦਾ ਪਰਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਪਰਵਾਰਾਂ ਨੂੰ ਅੱਖੋ ਪਰੋਖੇ ਕਰ ਕੇ ਰਾਜਨੀਤਕ ਆਗੂਆਂ ਨੇ ਸਿਰਫ਼ ਰੋਟੀਆਂ ਹੀ ਸੇਕੀਆਂ ਹਨ, ਸਾਲ ਵਿਚ ਦੋ ਵਾਰ ਉਨ੍ਹਾਂ...

Family

ਪਟਿਆਲਾ, 12 ਅਗੱਸਤ (ਰਣਜੀਤ ਰਾਣਾ ਰੱਖੜਾ) : ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਪਰਵਾਰਾਂ ਨੂੰ ਅੱਖੋ ਪਰੋਖੇ ਕਰ ਕੇ ਰਾਜਨੀਤਕ ਆਗੂਆਂ ਨੇ ਸਿਰਫ਼ ਰੋਟੀਆਂ ਹੀ ਸੇਕੀਆਂ ਹਨ, ਸਾਲ ਵਿਚ ਦੋ ਵਾਰ ਉਨ੍ਹਾਂ ਸ਼ਹੀਦਾਂ ਨੂੰ ਜਨਮ ਦਿਵਸ ਅਤੇ ਸ਼ਹੀਦੀ ਦਿਵਸ ਮੌਕੇ ਹੀ ਯਾਦ ਕੀਤਾ ਜਾਂਦਾ ਹੈ। ਜਿਥੇ ਸਮਾਜ ਸੇਵੀ ਸੰਸਥਾਵਾਂ, ਰਾਜਨੀਤਕ ਪਾਰਟੀਆਂ ਦੇ ਆਗੂ ਤੇ ਸਮਾਜਕ ਲੋਕ ਉਨ੍ਹਾਂ ਦੀਆਂ ਤਸਵੀਰਾਂ 'ਤੇ ਫੁੱਲ ਚੜ੍ਹਾਅ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰ ਕੇ ਲੋਕਾਂ ਨੂੰ ਉਨ੍ਹਾਂ ਸ਼ਹੀਦਾਂ ਦੀਆਂ ਜੀਵਨੀਆਂ ਬਾਰੇ ਵੱਡੇ-ਵੱਡੇ ਸੰਦੇਸ਼ ਦਿੰਦੇ ਹਨ ਪਰ ਅੱਜ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਰੋਜ਼ੀ ਰੋਟੀ ਦੀ ਤਲਾਸ਼ ਵਿਚ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਇਸੇ ਤਰ੍ਹਾਂ ਦੀ ਮਿਸਾਲ ਅੱਜ ਪਟਿਆਲਾ ਵਿਖੇ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਸ਼ਹੀਦ ਊਧਮ ਸਿੰਘ ਸੁਨਾਮ ਦੇ ਭਾਣਜੇ ਬਚਨ ਸਿੰਘ ਦਾ ਪੁੱਤਰ


ਜੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਪੱਤਰਕਾਰਾਂ ਦੇ ਰੂਬਰੂ ਹੋ ਕੇ ਜਿਥੇ ਅਪਣੀ ਆਰਥਕ ਸਥਿਤੀ ਬਿਆਨ ਕੀਤੀ ਅਤੇ ਪ੍ਰਸ਼ਾਸਨ ਵਲੋਂ ਪਿਛਲੇ 11 ਸਾਲਾਂ ਦੌਰਾਨ ਖੱਜਲ ਕਰਨ ਦਾ ਦੋਸ਼ ਲਗਾਇਆ। ਜੀਤ ਸਿੰਘ ਨੇ ਦਸਿਆ ਕਿ ਮੇਰੇ ਪੁੱਤਰ ਜੱਗਾ ਸਿੰਘ ਨੂੰ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਨੌਕਰੀ ਦੇਣ ਦਾ ਐਲਾਨ ਕੀਤਾ ਸੀ, ਇਸ ਸਬੰਧੀ ਇਕ ਪੱਤਰ ਜਿਸ ਦਾ ਮੀਮੋ ਨੰਬਰ ਐਲ.ਸੀ.3-(2141) 06/8755 ਮਿਤੀ ਚੰਡੀਗੜ੍ਹ 24-10-2006 ਵਿਸ਼ੇਸ਼ ਕਾਰਜ ਅਫ਼ਸਰ ਮੁੱਖ ਮੰਤਰੀ ਪੰਜਾਬ ਵਲੋਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਸਰਕਾਰੀ ਨੌਕਰੀ ਦੇਣ ਸਬੰਧੀ ਜਾਰੀ ਕੀਤਾ ਗਿਆ ਸੀ।
ਡਿਪਟੀ ਕਮਿਸ਼ਨਰ ਸੰਗਰੂਰ ਨੇ ਅਗਲੇਰੀ ਕਾਰਵਾਈ ਕਰਦੇ ਹੋਏ ਤੁਰਤ ਵਿਸ਼ੇਸ਼ ਕਾਰਜ ਅਫ਼ਸਰ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਨੂੰ ਰੀਪੋਰਟ ਭੇਜਣ ਲਈ ਲਿਖਿਆ ਗਿਆ ਸੀ ਪਰ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ 'ਤੇ ਉਸ ਨੇ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਵਾਰ-ਵਾਰ ਚੱਕਰ ਲਗਾਏ ਪਰ ਕੋਈ ਵੀ ਸੁਣਵਾਈ ਨਹੀਂ ਹੋਈ। ਜੀਤ ਸਿੰਘ ਨੇ ਕਿਹਾ ਕਿ ਉਸ ਦਾ ਪਰਵਾਰ ਮਜ਼ਦੂਰੀ ਕਰਨ ਲਈ ਮਜਬੂਰ ਹੈ। ਉਨ੍ਹਾਂ ਦੀ ਫ਼ਰਿਆਦ ਸੁਣਨ ਵਾਲਾ ਕੋਈ ਨਹੀਂ, ਅੱਜ ਵੀ ਉਨ੍ਹਾਂ ਦਾ ਪਰਵਾਰ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ। ਜੀਤ ਸਿੰਘ ਨੇ ਕਿਹਾ ਕਿ ਸ਼ਹੀਦ ਉੂਧਮ ਸਿੰਘ ਜੀ ਦੇ ਜਨਮ ਦਿਵਸ ਅਤੇ ਸ਼ਹੀਦੀ ਦਿਹਾੜੇ 'ਤੇ ਬਹੁਤ ਸਾਰੇ ਪ੍ਰਸ਼ਾਸਨਿਕ ਅਤੇ ਸੀਨੀਅਰ ਅਧਿਕਾਰੀ, ਮੰਤਰੀ, ਵਿਧਾਇਕ ਸੁਨਾਮ ਵਿਖੇ ਸਮਾਗਮ ਦੌਰਾਨ ਆਉਂਦੇ ਹੋਏ, ਉਹ ਸਿਰਫ਼ ਮੈਨੂੰ ਭਰੋਸਾ ਦੇ ਕੇ ਮੇਰੇ ਪੁੱਤਰ ਜੱਗਾ ਸਿੰਘ ਨੂੰ ਨੌਕਰੀ ਲਗਾਉਣ ਦਾ ਝਾਂਸਾ ਦੇ ਕੇ ਚਲੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਉਹ ਸੱਭ ਤੋਂ ਨਜ਼ਦੀਕੀ ਪਰਿਵਾਰਕ ਮੈਂਬਰ ਹੈ ਜੋ ਅੱਜ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਜੀਤ ਸਿੰਘ ਪੁੱਤਰ ਬਚਨ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਸਾਡੀ ਹਾਲਤ ਦੇਖਦੇ ਹੋਏ ਜਲਦ ਤੋਂ ਜਲਦ ਮੇਰੇ ਪੁੱਤਰ ਨੂੰ ਕੋਈ ਰੁਜ਼ਗਾਰ ਮੁਹਈਆ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਾਡੇ ਘਰ ਦੀ ਆਰਥਕ ਹਾਲਤ ਸੁਧਰ ਸਕੇ।