ਸ਼ਰਦ ਯਾਦਵ ਨੂੰ ਰਾਜ ਸਭਾ 'ਚ ਜੇਡੀਯੂ ਦੇ ਨੇਤਾ ਵਜੋਂ ਹਟਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਰਦ ਯਾਦਵ ਜਿਸ ਨੇ ਨਿਤੀਸ਼ ਕੁਮਾਰ ਦੇ ਭਾਜਪਾ ਨਾਲ ਗਠਜੋੜ 'ਤੇ ਖੁਲੇਆਮ ਇਤਰਾਜ਼ ਪ੍ਰਗਟ ਕੀਤਾ ਹੈ, ਨੂੰ ਅੱਜ ਰਾਜ ਸਭਾ ਵਿਚ ਜਨਤਾ ਦਲ ਯੂਨਾਈਟਿਡ ਦੇ ਆਗੂ ਵਜੋਂ ਹਟਾ ਦਿਤਾ ਗਿਆ

Sharad Yadav

 

ਪਟਨਾ, 12 ਅਗੱਸਤ : ਸ਼ਰਦ ਯਾਦਵ ਜਿਸ ਨੇ ਨਿਤੀਸ਼ ਕੁਮਾਰ ਦੇ ਭਾਜਪਾ ਨਾਲ ਗਠਜੋੜ 'ਤੇ ਖੁਲੇਆਮ ਇਤਰਾਜ਼ ਪ੍ਰਗਟ ਕੀਤਾ ਹੈ, ਨੂੰ ਅੱਜ ਰਾਜ ਸਭਾ ਵਿਚ ਜਨਤਾ ਦਲ ਯੂਨਾਈਟਿਡ ਦੇ ਆਗੂ ਵਜੋਂ ਹਟਾ ਦਿਤਾ ਗਿਆ।
        ਇਕ ਦਿਨ ਪਹਿਲਾਂ ਹੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਸੀ ਕਿ ਸ਼ਰਦ ਯਾਦਵ ਜਿਥੇ ਜਾਣਾ ਚਾਹੇ, ਜਾ ਸਕਦਾ ਹੈ। ਉਨ੍ਹਾਂ ਕਿਹਾ, 'ਪਾਰਟੀ ਨੇ ਫ਼ੈਸਲਾ ਕੀਤਾ ਹੈ ਤੇ ਸ਼ਰਦ ਯਾਦਵ ਨੂੰ ਇਹ ਪ੍ਰਵਾਨ ਕਰਨਾ ਚਾਹੀਦਾ ਹੈ।' ਸ਼ਰਦ ਯਾਦਵ ਨੇ ਕਿਹਾ ਸੀ ਕਿ ਨਿਤੀਸ਼ ਕੁਮਾਰ ਨੇ ਬਿਹਾਰ ਦੇ ਲੋਕਾਂ ਦੇ ਫ਼ਤਵੇ ਦਾ ਮਜ਼ਾਕ ਉਡਾਇਆ ਹੈ ਜਿਨ੍ਹਾਂ ਨੇ 2015 ਵਿਚ ਮਹਾਂਗਠਜੋੜ ਨੂੰ ਵੋਟ ਪਾਈ ਸੀ ਨਾਕਿ ਭਾਜਪਾ ਤੇ ਜੇਡੀਯੂ ਨੂੰ।  ਜੇਡੀਯੂ ਦੇ ਕੇ ਸੀ ਤਿਆਗੀ ਨੇ ਕਿਹਾ, 'ਸ਼ਰਦ ਯਾਦਵ ਇਤਰਾਜ਼ਯੋਗ ਸਿਆਸੀ ਭਾਸ਼ਾ ਵਰਤ ਰਹੇ ਹਨ।' ਸ਼ਰਦ ਯਾਦਵ ਜੇਡੀਯੂ ਦੇ ਸਦਨ ਵਿਚ ਨੇਤਾ ਹੋਣ ਕਾਰਨ ਅਗਲੀਆਂ ਸੀਟਾਂ 'ਤੇ ਬੈਠਦੇ ਸਨ ਪਰ ਹੁਣ ਉਨ੍ਹਾਂ ਨੂੰ ਪਿਛਲੀਆਂ ਸੀਟਾਂ 'ਤੇ ਬੈਠਣਾ ਪਵੇਗਾ। ਸ਼ਰਦ ਯਾਦਵ ਨੇ ਐਲਾਨ ਕੀਤਾ ਹੈ ਕਿ ਉਹ 17 ਪਾਰਟੀਆਂ ਦੇ ਫ਼ਰੰਟ ਪ੍ਰਤੀ ਵਚਨਬੱਧ ਹੈ ਅਤੇ ਉਹ 2019 ਵਿਚ ਨਰਿੰਦਰ ਮੋਦੀ ਦੀ ਮੁੜ ਚੋਣ ਨੂੰ ਰੋਕਣ ਲਈ ਮਿਲ ਕੇ ਲੜਲਗੇ। ਉਧਰ, ਆਰਸੀਪੀ ਸਿੰਘ ਨੂੰ ਨਵਾਂ ਨੇਤਾ ਬਣਾ ਦਿਤਾ ਗਿਆ ਹੈ। ਪਾਰਟੀ ਦੇ ਸੀਨੀਅਰ ਨੇਤਾ ਨੇ ਦਸਿਆ ਕਿ ਇਸ ਤੋਂ ਪਹਿਲਾਂ ਰਾਜ ਸਭਾ ਦੇ ਸੰਸਦ ਮੈਂਬਰਾਂ ਨੇ ਸਭਾਪਤੀ ਨਾਲ ਮੁਲਾਕਾਤ ਕੀਤੀ ਅਤੇ ਉੱਚ ਸਦਨ ਵਿਚ ਆਰਸੀਪੀ ਸਿੰਘ ਨੂੰ ਜੇਡੀਯੂ ਦਾ ਨੇਤਾ ਨਿਯੁਕਤ ਕਰਨ ਸਬੰਧੀ ਪੱਤਰ ਦਿਤਾ। ਆਰਸੀਪੀ ਸਿੰਘ ਨਿਤੀਸ਼ ਕੁਮਾਰ ਦੇ ਵਿਸ਼ਵਾਸਪਾਤਰ ਮੰਨੇ ਜਾਂਦੇ ਹਨ। ਰਾਜ ਸਭਾ ਵਿਚ ਜੇਡੀਯੂ ਦੇ 10 ਮੈਂਬਰ ਹਨ। ਇਸ ਤੋਂ ਪਹਿਲਾਂ ਪਾਰਟੀ ਨੇ ਕਲ ਰਾਤ ਰਾਜ ਸਭਾ ਮੈਂਬਰ ਅਲੀ ਅਨਵਰ ਅੰਸਾਰੀ ਨੂੰ ਸੋਨੀਆ ਗਾਂਧੀ ਦੁਆਰਾ ਬੁਲਾਈ ਗਈ ਬੈਠਕ ਵਿਚ ਸ਼ਾਮਲ ਹੋਣ ਕਾਰਨ ਪਾਰਟੀ ਤੋਂ ਮੁਅੱਤਲ ਕਰ ਦਿਤਾ ਸੀ। ਯਾਦਵ ਨੇ ਕਿਹਾ ਸੀ ਕਿ ਅਸਲ ਜੇਡੀਯੂ ਉਨ੍ਹਾਂ ਦੇ ਨਾਲ ਹੈ ਜਦਕਿ ਨਿਤੀਸ਼ ਨਾਲ ਸਰਕਾਰੀ ਜੇਡੀਯੂ ਹੈ।  (ਏਜੰਸੀ)