ਪੱਤਰਕਾਰ ਕਤਲ ਮਾਮਲਾ : ਆਰਾ ਦੀ ਸਾਬਕਾ ਪ੍ਰਧਾਨ ਦਾ ਪਤੀ ਗ੍ਰਿਫ਼ਤਾਰ
ਜਦੋਂ ਕਿਸੇ ਸੂਬੇ ਵਿਚ ਹਿੰਸਾ ਦਾ ਬੋਲਬਾਲਾ ਹੁੰਦਾ ਹੈ ਤਾਂ ਲੋਕ ਬਿਹਾਰ ਦੀ ਉਦਾਹਰਨ ਦਿੰਦੇ ਸਨ ਪਰ ਪਿਛਲੇ ਕੁੱਝ ਸਮੇਂ ਤੋਂ ਬਿਹਾਰ ਦੇ ਹਾਲਾਤ ਬਦਲ ਗਏ ਸਨ।
ਆਰਾ (ਬਿਹਾਰ) : ਜਦੋਂ ਕਿਸੇ ਸੂਬੇ ਵਿਚ ਹਿੰਸਾ ਦਾ ਬੋਲਬਾਲਾ ਹੁੰਦਾ ਹੈ ਤਾਂ ਲੋਕ ਬਿਹਾਰ ਦੀ ਉਦਾਹਰਨ ਦਿੰਦੇ ਸਨ ਪਰ ਪਿਛਲੇ ਕੁੱਝ ਸਮੇਂ ਤੋਂ ਬਿਹਾਰ ਦੇ ਹਾਲਾਤ ਬਦਲ ਗਏ ਸਨ। ਹੁਣ ਲਗਦਾ ਹੈ ਕਿ ਬਿਹਾਰ ਪਹਿਲਾਂ ਵਾਲਾ ਬਿਹਾਰ ਬਣਦਾ ਜਾ ਰਿਹਾ ਹੈ ਕਿਉਂਕਿ ਆਏ ਦਿਨ ਕੁੱਝ ਨਾ ਕੁੱਝ ਅਜਿਹੇ ਵਾਕੇ ਹੁੰਦੇ ਹਨ, ਜਿਸ ਨਾਲ ਮੁਜ਼ਰਮ ਕਾਨੂੰਨ ਨੂੰ ਅੰਗੂਠਾ ਦਿਖਾ ਕੇ ਸ਼ਰ੍ਹੇਆਮ ਘੁੰਮ ਰਹੇ ਹੁੰਦੇ ਹਨ।
ਪਿਛਲੇ ਦਿਨੀਂ ਭਾਗਲਪੁਰ ਹਿੰਸਾ ਹੋਈ, ਜਿਸ ਵਿਚ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦਾ ਬੇਟਾ ਦੋਸ਼ੀ ਪਾਇਆ ਗਿਆ, ਜਿਸ ਵਿਰੁਧ ਵਾਰੰਟ ਵੀ ਜਾਰੀ ਹੋਏ ਪਰ ਉਹ ਅਜੇ ਵੀ ਸੜਕਾਂ 'ਤੇ ਤਲਵਾਰਾਂ ਲੈ ਕੇ ਘੁੰਮ ਰਿਹਾ ਹੈ। ਅਜੇ ਇਨ੍ਹਾਂ ਖ਼ਬਰਾਂ ਦਾ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਪਿਛਲੀ ਰਾਤ ਰਾਮਨੌਮੀ ਦੇ ਜਲੂਸ ਸਮੇਂ ਹਿੰਸਾ ਹੋ ਗਈ। ਇਸ ਦੇ ਨਾਲ ਹੀ ਇਕ ਅਖ਼ੌਤੀ ਆਗੂ ਦਾ ਭੇਤ ਖੋਲ੍ਹਣ ਵਾਲੇ ਪੱਤਰਕਾਰਾਂ ਨੂੰ ਕਤਲ ਕਰ ਦਿਤਾ ਗਿਆ। ਇਸ ਵਿਚ ਆਰਾ ਦੀ ਇਕ ਮਹਿਲਾ ਆਗੂ ਦੇ ਪਤੀ ਹਰਸੂ ਮੀਆਂ ਦਾ ਹੱਥ ਦਸਿਆ ਜਾ ਰਿਹਾ ਹੈ, ਜਿਸ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।
ਦਰਅਸਲ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕ ਅਖ਼ਬਾਰ ਅਤੇ ਇਕ ਮੈਗਜ਼ੀਨ ਦਾ ਪੱਤਰਕਾਰ ਅਪਣੀ ਗੱਡੀ ਵਿਚ ਆ ਰਹੇ ਸਨ ਤਾਂ ਆਗੂ ਦੇ ਬੇਟੇ ਨੇ ਇਨ੍ਹਾਂ ਪੱਤਰਕਾਰਾਂ ਦੀ ਗੱਡੀ 'ਤੇ ਕੋਈ ਭਾਰੀ ਵਾਹਨ ਚੜ੍ਹਾ ਦਿਤਾ। ਉਹ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਸਬੂਤ ਮਿਟਾਉਣ ਦੇ ਮਨਸ਼ੇ ਨਾਲ ਗੱਡੀ ਨੂੰ ਵੀ ਅੱਗ ਲਗਾ ਦਿਤੀ। ਹਰਸੂ ਮੀਆਂ ਦੀ ਗ੍ਰਿਫ਼ਤਾਰੀ ਸਬੰਧੀ ਜ਼ੋਨ ਦੇ ਆਈਜੀ ਐਨ ਐਚ ਖ਼ਾਨ ਨੇ ਪੁਸ਼ਟੀ ਕਰ ਦਿਤੀ ਹੈ। ਉਨ੍ਹਾਂ ਦਸਿਆ ਕਿ ਪੱਤਰਕਾਰਾਂ ਦੀ ਮੌਤ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਬਕਾਇਦਾ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਇਸ ਵਿਚ ਐਸਡੀਪੀਓ ਆਰਾ, ਇੰਸਪੈਕਟਰ ਅਗਿਆਮ, ਐਸਐਚਓ ਗਦਨੀ ਅਤੇ ਚਰਪੋਖਰੀ, ਤਰਾਰੀ ਅਤੇ ਡੀਆਈਯੂ ਇੰਚਾਰਜ ਸ਼ਾਮਲ ਕੀਤੇ ਗਏ ਹਨ।
ਪੂਰੇ ਅਪਰੇਸ਼ਨ ਦੀ ਨਿਗਰਾਨੀ ਕਰ ਰਹੇ ਜ਼ੋਨਲ ਆਈਜੀ ਨਈਅਰ ਹਸਨੈਨ ਖ਼ਾਨ ਨੇ ਦਸਿਆ ਕਿ ਕਥਿਤ ਦੋਸ਼ੀਆਂ ਵਿਰੁਧ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਕਤ ਆਗੂ ਅਤੇ ਪੱਤਰਕਾਰਾਂ ਵਿਚਕਾਰ ਕਿਸੇ ਮਾਮਲੇ ਨੂੰ ਲੈ ਕੇ ਵਿਵਾਦ ਹੋਇਆ ਸੀ, ਜਿਸ ਕਾਰਨ ਇਹ ਵਾਰਦਾਤ ਹੋਈ। ਦਸਣਯੋਗ ਹੈ ਕਿ ਸਥਾਨਕ ਲੋਕਾਂ ਨੇ ਪੱਤਰਕਾਰਾਂ ਦੀ ਮੌਤ ਦੇ ਵਿਰੁਧ ਪ੍ਰਦਰਸ਼ਨ ਕਰਦਿਆਂ ਸੜਕ ਜਾਮ ਕਰ ਦਿਤੀ, ਜਿਨ੍ਹਾਂ ਨੂੰ ਖਦੇੜਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।