ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਕਾਂਗਰਸ ਤੋਂ ਲੜ ਸਕਦੇ ਹਨ ਚੋਣ
ਇਸ ਸੰਬੰਧੀ ਉਰਮਿਲਾ ਮਾਤੋਂਡਕਰ ਦੇ ਪਾਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ
ਨਵੀਂ ਦਿੱਲੀ- ਲੋਕ ਸਭਾ ਚੋਣਾਂ 2019 ਚ ਉਰਮਿਲਾ ਮਾਤੋਂਡਕਰ ਕਾਂਗਰਸ ਦੀ ਟਿਕਟ ਤੇ ਮੁੰਬਈ ਤੋਂ ਚੋਣ ਲੜ ਸਕਦੇ ਹਨ। ਰਿਪੋਰਟ ਮੁਤਾਬਕ ਉਰਮਿਲਾ ਮੁੰਬਈ ਉੱਤਰ ਲੋਕ ਸਭਾ ਸੀਟ ਤੋਂ ਚੋਣ ਲੜ ਸਕਦੇ ਹਨ। ਕਾਂਗਰਸ ਪ੍ਰਧਾਨ ਸੰਜੇ ਨਿਰੁਪਮ ਤੇ ਸੂਬਾਈ ਬੁਲਾਰਾ ਨੇ ਅਦਾਕਾਰਾ ਉਰਮਿਲਾ ਮਾਤੋਂਡਕਰ ਦੇ ਪਾਰਿਵਾਰਕ ਮੈਂਬਰਾਂ ਨਾਲ ਇਸ ਸਬੰਧੀ ਸੰਪਰਕ ਕੀਤਾ ਪਰ ਸਾਰਿਆਂ ਨੇ ਇਸ ਤੇ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ। ਸਿਆਸੀ ਸੂਤਰਾਂ ਮੁਤਾਬਕ ਉਰਮਿਲਾ ਦੇ ਨਾਂ ਤੇ ਪਾਰਟੀ ਦਾ ਵਿਚਾਰ ਕਾਫੀ ਅੱਗੇ ਵੱਧ ਚੁੱਕਾ ਹੈ ਅਤੇ ਛੇਤੀ ਹੀ ਇਸ ਬਾਰੇ ਆਖ਼ਰੀ ਫੈਸਲਾ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ।
ਮੁੰਬਈ ਦੀਆਂ 6 ਲੋਕ ਸਭਾ ਸੀਟਾਂ ਤੇ 29 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ। ਜੇਕਰ ਰਿਪੋਰਟ ਸਹੀ ਹੁੰਦੀ ਹੈ ਤਾਂ ਉਰਮਿਲਾ ਮਾਤੋਂਡਕਰ ਦੀ ਟੱਕਰ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਗੋਪਾਲ ਸ਼ੈੱਟੀ ਨਾਲ ਹੋਵੇਗੀ। ਇਸ ਸੀਟ ਨੂੰ ਭਾਜਪਾ ਦਾ ਗੜ੍ਹ ਮੰਨਿਆ ਜਾਂਦਾ ਹੈ। ਦੱਸਣਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਚਮਤਕਾਰ, ਨਰਸਿਮਹਾ, ਰੰਗੀਲਾ, ਜੁਦਾਈ, ਸੱਤਿਆ, ਕੌਣ, ਭੂਤ, ਮਸਤ, ਦਿੱਲਗੀ, ਜੰਗਲ ਵਰਗੀਆਂ ਫ਼ਿਲਮਾਂ ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮਰਾਠੀ ਅਤੇ ਸਾਊਥ ਦੀਆਂ ਫ਼ਿਲਮਾਂ ਚ ਵੀ ਕੰਮ ਕੀਤਾ ਹੈ।