Bharat Band: ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਸੜਕਾਂ ਤੇ ਉਤਰੇ ਕਿਸਾਨ, ਵੇਖੋ ਤਸਵੀਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਮੌਕੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਅ

Farmer

ਚੰਡੀਗੜ੍ਹ- ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਭਾਰਤ ਬੰਦ ਦੇ ਸੱਦੇ ਤਹਿਤ ਸਮੁੱਚੇ ਸੂਬੇ ਵਿਚ ਲਾਮਬੰਦੀ ਕਰ ਲਈ ਹੈ। ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸੂਬੇ ਦੇ ਹਰ ਵਰਗ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਤੇ ਸੂਬੇ ਵਿਚ ਮੁਕੰਮਲ ਬੰਦ ਰਹਿਣ ਦੇ ਆਸਾਰ ਹਨ। ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤਕ ਮੁਕੰਮਲ ਬੰਦ ਦਾ ਸੱਦਾ ਦਿਤਾ ਗਿਆ ਹੈ। ਸਾਰੀਆਂ ਦੁਕਾਨਾਂ, ਸ਼ਾਪਿੰਗ ਮਾਲ ਅਤੇ ਸੰਸਥਾਵਾਂ ਬੰਦ ਰਹਿਣਗੀਆਂ, ਸੜਕਾਂ ਅਤੇ ਰੇਲਾਂ ਜਾਮ ਰਹਿਣਗੀਆਂ, ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਸੇਵਾਵਾਂ ਬੰਦ ਰਹਿਣਗੀਆਂ। 

ਅਜਨਾਲਾ 'ਚ ਬੰਦ ਨੂੰ ਭਰਵਾਂ ਹੁੰਗਾਰਾ
ਅਜਨਾਲਾ ਵਿਚ 26 ਮਾਰਚ ਨੂੰ ਦੇਸ਼ ਭਰ 'ਚ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਦੇਸ਼ ਭਰ ਵਿਚ ਬੰਦ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਮਲੋਟ 'ਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਵੀ ਪੂਰਨ ਤੌਰ 'ਤੇ ਬੰਦ
 ਅੱਜ ਮਲੋਟ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਵਿਖੇ ਰੋਸ ਧਰਨਾ ਲਾਇਆ ਗਿਆ। ਉਥੇ ਮਲੋਟ ਦੇ ਬਾਜ਼ਾਰ ਵੀ ਪੂਰਨ ਤੌਰ 'ਤੇ ਬੰਦ ਰਹੇ ਅਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਵੀ ਬੰਦ ਨਜ਼ਰ ਆਈਆਂ। ਬੀਤੇ ਦਿਨੀਂ ਕਿਸਾਨ ਜਥੇਬੰਦੀਆਂ ਅਤੇ ਵਪਾਰ ਮੰਡਲ ਵੱਲੋਂ ਅਤੇ ਆੜ੍ਹਤੀ ਐਸੋਸੀਏਸ਼ਨ ਵੱਲੋਂ ਪੂਰਨ ਤੌਰ 'ਤੇ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਸੀ।

ਅੰਮ੍ਰਿਤਸਰ ਵਿਚ ਵੀ ਵਿਖਿਆ ਬੰਦ ਦਾ ਅਸਰ 
 ਭਾਰਤ ਬੰਦ ਦੇ ਸੱਦੇ 'ਤੇ ਅੱਜ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਪੰਜਾਬ ਦੀ ਅਗਵਾਈ ਹੇਠ ਗੋਲਡਨ ਗੇਟ ਨਿਊ ਅੰਮ੍ਰਿਤਸਰ ਵਿਖੇ ਆਵਾਜਾਈ ਨੂੰ ਰੋਕ ਕੇ ਵਿਸ਼ਾਲ ਧਰਨਾ ਲਾਇਆ ਗਿਆ, ਇਸ ਧਰਨੇ ਚ ਛੋਟੇ ਬੱਚਿਆਂ ,ਔਰਤਾਂ ਅਤੇ ਬਜ਼ੁਰਗਾਂ ਨੇ ਵੱਧ ਚੜ ਕੇ ਹਿੱਸਾ ਲਿਆ।  ਇਸ ਮੌਕੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਧਰਨਾ ਸ਼ਾਮ 6 ਵਜੇ ਤੱਕ ਜਾਰੀ ਰਹੇਗਾ |

ਗੌਰਤਲਬ ਹੈ ਕਿ ਕਿਸਾਨ ਆਗੂਆਂ ਨੇ ਕਿਹਾ ਕਿ ਸ਼ਹਿਰਾਂ ’ਚ ਬਜ਼ਾਰਾਂ ’ਚ ਦੁਕਾਨਦਾਰ ਅਤੇ ਵਪਾਰੀ ਭਰਾਵਾਂ ਨੂੰ ਬੰਦ ਦਾ ਸੱਦਾ ਕਾਮਯਾਬ ਕਰਨ ਲਈ ਅਪੀਲ ਕੀਤੀ ਗਈ ਹੈ। ਪਿੰਡਾਂ ’ਚ ਵੀ ਮੀਟਿੰਗਾਂ ਅਤੇ ਮਾਰਚ ਕਰ ਕੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਹੈ। 32 ਕਿਸਾਨ-ਜਥੇਬੰਦੀਆਂ ਵਲੋਂ ਭਾਜਪਾ ਨਾਲ ਸਬੰਧਤ ਆਗੂਆਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅਤੇ ਅੰਬਾਨੀ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਸਮੇਤ 68 ਥਾਵਾਂ ’ਤੇ ਧਰਨੇ ਦਿਨ-ਰਾਤ ਜਾਰੀ ਹਨ। ਬੰਦ ਦੌਰਾਨ ਜਥੇਬੰਦੀਆਂ ਵਲੋਂ ਕਰੀਬ 120 ਥਾਵਾਂ ’ਤੇ ਧਰਨੇ ਲਾਏ ਜਾਣਗੇ।