ਮਹਿੰਗਾਈ ਸਬੰਧੀ ਰਾਹੁਲ ਗਾਂਧੀ ਦਾ ਕੇਂਦਰ 'ਤੇ ਤੰਜ਼ -'ਰਾਜਾ ਕਰੇ ਮਹਿਲ ਦੀ ਤਿਆਰੀ, ਪ੍ਰਜਾ ਵਿਚਾਰੀ ਮਹਿੰਗਾਈ ਦੀ ਮਾਰੀ'
ਇਸ ਹਫ਼ਤੇ ਵਿਚ ਚਾਰ ਵਾਰ ਵਧੀਆਂ ਹਨ ਤੇਲ ਦੀਆਂ ਕੀਮਤਾਂ
ਨਵੀਂ ਦਿੱਲੀ : ਕਾਂਗਰਸ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਦੇ ਜਸ਼ਨ ਦਾ 'ਸਾਈਡ ਇਫੈਕਟ' ਹੈ। ਸਰਕਾਰ 'ਤੇ ਚੁਟਕੀ ਲੈਂਦਿਆਂ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, 'ਰਾਜਾ ਕਰੇ ਮਹਿਲ ਦੀ ਤਿਆਰੀ, ਪ੍ਰਜਾ ਵਿਚਾਰੀ ਮਹਿੰਗਾਈ ਦੀ ਮਾਰੀ।'
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ''ਮੋਦੀ ਸਰਕਾਰ 'ਚ ਮਹਿੰਗਾਈ-''ਤਰੀਕ ਨਵੀਂ , ਤਕਲੀਫ ਵਹੀ''। ਅੱਜ ਸਵੇਰ ਦੀ ਸ਼ੁਰੂਆਤ ਵੀ ਮਹਿੰਗਾਈ ਨਾਲ ਹੋਈ। ਅੱਜ ਫਿਰ ਰੇਟ ਵਿੱਚ 0.80 ਰੁਪਏ (ਪ੍ਰਤੀ ਲੀਟਰ) ਦਾ ਵਾਧਾ ਕੀਤਾ ਗਿਆ ਹੈ। ਪੰਜ ਦਿਨਾਂ ਵਿੱਚ 3.2 ਰੁਪਏ ਪ੍ਰਤੀ ਲੀਟਰ ਵਾਧਾ ਕਰਕੇ ਜਨਤਾ ਨੂੰ ਲੁੱਟਿਆ ਗਿਆ। ਬੀਜੇਪੀ ਦੇ ਸਹੁੰ ਚੁੱਕ ਸਮਾਗਮ ਹੋ ਰਹੇ ਹਨ ਅਤੇ ਜਨਤਾ ਹਰ ਰੋਜ਼ ਮਹਿੰਗਾਈ ਤੋਂ ਪ੍ਰਭਾਵਿਤ ਹੋ ਰਹੀ ਹੈ?
ਉਨ੍ਹਾਂ ਦੋਸ਼ ਲਾਇਆ ਕਿ ਇਹ ਸਭ ਭਾਜਪਾ ਦੀ ਚੋਣ ਜਿੱਤ ਦੇ ਜਸ਼ਨ ਦਾ ਤਾਜਾ ‘ਸਾਈਡ ਇਫੈਕਟ’ ਹੈ।” ਸ਼ਨੀਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਪਿਛਲੇ ਪੰਜ ਦਿਨਾਂ ਵਿੱਚ ਇਹ ਚੌਥੀ ਵਾਰ ਕੀਮਤ ਵਧਾਈ ਗਈ ਹੈ।
ਜਨਤਕ ਖੇਤਰ ਦੀਆਂ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਵੱਲੋਂ ਜਾਰੀ ਕੀਮਤ ਨੋਟੀਫਿਕੇਸ਼ਨ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ ਹੁਣ 97.81 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 98.61 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 89.07 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 89.87 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪੰਜ ਰਾਜਾਂ 'ਚ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਵੀ ਕਈ ਮੁੱਦਿਆਂ 'ਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਸੀ। ਰਾਹੁਲ ਗਾਂਧੀ ਨੇ ਫਿਰ FD, PPF, EPF ਅਤੇ ਮਹਿੰਗਾਈ ਨਾਲ ਜੁੜੇ ਅੰਕੜਿਆਂ ਨੂੰ ਟਵੀਟ ਕੀਤਾ ਅਤੇ ਪੁੱਛਿਆ ਕਿ ਕੀ ਜਨਤਾ ਨੂੰ ਰਾਹਤ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੀ ਨਹੀਂ ਹੈ?