ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਅੱਜ ‘ਆਪ’ ਸੜਕਾਂ ’ਤੇ ਉਤਰੀ, ਕਈ ਹਿਰਾਸਤ 'ਚ ਲਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੰਜਾਬ ਦੇ ਮੰਤਰੀ, ਸੋਮਨਾਥ ਭਾਰਤੀ ਸਮੇਤ ਕਈ ਆਗੂ ਹਿਰਾਸਤ ’ਚ ਲਏ ਗਏ

AAp Protest

 

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ’ਚ ਆਮ ਆਦਮੀ ਪਾਰਟੀ (ਆਪ) ਮੰਗਲਵਾਰ ਨੂੰ ਸੜਕਾਂ ’ਤੇ ਉਤਰੀ ਅਤੇ ਜਦੋਂ ਉਸ ਦੇ ਕਈ ਆਗੂਆਂ ਅਤੇ ਵਰਕਰਾਂ ਨੇ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਕੇਜਰੀਵਾਲ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਹੋਏ ਪਟੇਲ ਚੌਕ ਤੋਂ ਲੋਕ ਕਲਿਆਣ ਮਾਰਗ ਤਕ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ।

ਰਾਜਧਾਨੀ ਨੂੰ ‘ਕਿਲ੍ਹੇ’ ’ਚ ਤਬਦੀਲ ਕੀਤੇ ਜਾਣ ਦਾ ਦਾਅਵਾ ਕਰਦਿਆਂ ‘ਆਪ’ ਦੀ ਦਿੱਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੂਰੇ ਸ਼ਹਿਰ ’ਚ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਪਾਬੰਦੀਆਂ ਲਗਾਈਆਂ ਹਨ, ਉਸ ਤੋਂ ਲਗਦਾ ਹੈ ਕਿ ਦਿੱਲੀ ਇਕ ‘ਪੁਲਿਸ ਰਾਜ’ ਬਣ ਗਈ ਹੈ।

ਪੁਲਿਸ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਆਲੇ-ਦੁਆਲੇ ਦੇ ਇਲਾਕੇ ਸਮੇਤ ਕੌਮੀ ਰਾਜਧਾਨੀ ਦੇ ਕਈ ਹਿੱਸਿਆਂ ’ਚ ਸੁਰੱਖਿਆ ਵਧਾ ਦਿਤੀ ਹੈ। ਪੁਲਿਸ ਨੇ ਅਪਣੇ ਜਵਾਨਾਂ ਦੇ ਨਾਲ-ਨਾਲ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ਵੀ ਤਾਇਨਾਤ ਕੀਤਾ। ਲੋਕ ਕਲਿਆਣ ਮਾਰਗ ਮੈਟਰੋ ਸਟੇਸ਼ਨ ਨੂੰ ਬੰਦ ਕਰ ਦਿਤਾ ਗਿਆ, ਜਦਕਿ ਪਟੇਲ ਚੌਕ ਅਤੇ ਕੇਂਦਰੀ ਸਕੱਤਰੇਤ ਮੈਟਰੋ ਸਟੇਸ਼ਨਾਂ ’ਤੇ ਅਗਲੇ ਹੁਕਮਾਂ ਤਕ ਦਾਖਲੇ ਅਤੇ ਬਾਹਰ ਨਿਕਲਣ ’ਤੇ ਕੁੱਝ ਪਾਬੰਦੀਆਂ ਲਗਾਈਆਂ ਗਈਆਂ ਹਨ। 

‘ਆਪ’ ਦੇ ਸੀਨੀਅਰ ਆਗੂ ਸੋਮਨਾਥ ਭਾਰਤੀ, ਦਿੱਲੀ ਵਿਧਾਨ ਸਭਾ ਦੀ ਡਿਪਟੀ ਸਪੀਕਰ ਰਾਖੀ ਬਿਰਲਾ ਅਤੇ ਪੰਜਾਬ ਦੇ ਮੰਤਰੀ ਹਰਜੋਤ ਸਿੰਘ ਬੈਂਸ ਸਮੇਤ ਕਈ ‘ਆਪ’ ਆਗੂਆਂ/ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ। ਰਾਏ ਨੇ ਕਿਹਾ, ‘‘ਮੈਂ ਕੇਂਦਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਪੁਲਿਸ ਬਲ ਦੀ ਵਰਤੋਂ ਨਾਲ ਇਹ ਅੰਦੋਲਨ ਨਹੀਂ ਰੁਕੇਗਾ।’’ ਉਸ ਨੇ ਦਾਅਵਾ ਕੀਤਾ ਕਿ ਪਾਰਟੀ ਦੀਆਂ ਮਹਿਲਾ ਵਰਕਰਾਂ ਨੂੰ ਘਸੀਟਿਆ ਗਿਆ ਅਤੇ ਹਿਰਾਸਤ ’ਚ ਲਿਆ ਗਿਆ। 

ਆਮ ਆਦਮੀ ਪਾਰਟੀ (ਆਪ) ਦੇ ਵਰਕਰ ਅਤੇ ਨੇਤਾ ਸਵੇਰ ਤੋਂ ਹੀ ਸਮੂਹਾਂ ’ਚ ਪਟੇਲ ਚੌਕ ਮੈਟਰੋ ਸਟੇਸ਼ਨ ਨੇੜੇ ਪਹੁੰਚਣੇ ਸ਼ੁਰੂ ਹੋ ਗਏ ਸਨ ਕਿਉਂਕਿ ਪਾਰਟੀ ਨੇ ਲੋਕ ਭਲਾਈ ਮਾਰਗ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ ਨੂੰ ਘੇਰਨ ਲਈ ਮਾਰਚ ਦਾ ਸੱਦਾ ਦਿਤਾ ਸੀ। ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਪਟੇਲ ਚੌਕ ਇਲਾਕੇ ’ਚ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਪਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਹਨ ਅਤੇ ਪੁਲਿਸ ਕਿਸੇ ਨੂੰ ਵੀ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਦੇ ਸਕਦੀ।

ਉਨ੍ਹਾਂ ਕਿਹਾ, ‘‘ਇਸ ਦੇ ਮੱਦੇਨਜ਼ਰ ਸਾਨੂੰ ਇਸ ਇਲਾਕੇ ਨੂੰ ਖਾਲੀ ਕਰਵਾਉਣਾ ਹੈ। ਅਸੀਂ ਕਿਸੇ ਨੂੰ ਵੀ ਇੱਥੇ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਦੇਵਾਂਗੇ।’’ ਪੁਲਿਸ ਡਿਪਟੀ ਕਮਿਸ਼ਨਰ (ਨਵੀਂ ਦਿੱਲੀ) ਦੇਵੇਸ਼ ਕੁਮਾਰ ਨੇ ਕਿਹਾ ਸੀ ਕਿ ਜੋ ਵੀ ਪਟੇਲ ਚੌਕ ’ਤੇ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਤੁਰਤ ਹਿਰਾਸਤ ’ਚ ਲੈ ਲਿਆ ਜਾਵੇਗਾ। 

ਰਾਏ ਨੇ ਕਿਹਾ ਕਿ ਇਸ ਦੇਸ਼ ਵਿਚ ਤਾਨਾਸ਼ਾਹੀ ਵਿਰੁਧ ਲੜਾਈ ਉਨ੍ਹਾਂ ਲੋਕਾਂ ਦੀ ਲੜਾਈ ਹੈ ਜੋ ਲੋਕਤੰਤਰ ਅਤੇ ਸੰਵਿਧਾਨ ਨੂੰ ਪਿਆਰ ਕਰਦੇ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 31 ਮਾਰਚ ਨੂੰ ਰਾਮਲੀਲਾ ਮੈਦਾਨ ’ਚ ਹੋਣ ਵਾਲੀ ‘ਵਿਸ਼ਾਲ ਰੈਲੀ’ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਰਾਏ ਨੇ ਕਿਹਾ ਕਿ ਰੈਲੀ ’ਚ ਲੱਖਾਂ ਲੋਕ ਸ਼ਾਮਲ ਹੋਣਗੇ ਅਤੇ ਵਿਰੋਧੀ ‘ਇੰਡੀਆ’ ਗੱਠਜੋੜ ਦੇ ਨੇਤਾ ਕੇਜਰੀਵਾਲ ਦੀ ਗ੍ਰਿਫਤਾਰੀ ਵਿਰੁਧ ਆਵਾਜ਼ ਚੁੱਕਣਗੇ। ਆਮ ਆਦਮੀ ਪਾਰਟੀ, ਕਾਂਗਰਸ, ਤ੍ਰਿਣਮੂਲ ਕਾਂਗਰਸ, ਦ੍ਰਾਵਿੜ ਮੁਨੇਤਰਾ ਕਜ਼ਗਮ (ਡੀ.ਐਮ.ਕੇ.) ਅਤੇ ਸਮਾਜਵਾਦੀ ਪਾਰਟੀ ਸਮੇਤ ਕੁੱਝ ਵਿਰੋਧੀ ਪਾਰਟੀਆਂ ਨੇ ਲੋਕ ਸਭਾ ਚੋਣਾਂ ’ਚ ਭਾਜਪਾ ਦਾ ਮੁਕਾਬਲਾ ਕਰਨ ਲਈ ਇਕੱਠੇ ਹੋ ਕੇ ਵਿਰੋਧੀ ਗੱਠਜੋੜ ਬਣਾਇਆ ਹੈ। 

ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ 21 ਮਾਰਚ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ। ਉਹ ਵੀਰਵਾਰ ਤਕ ਏਜੰਸੀ ਦੀ ਹਿਰਾਸਤ ’ਚ ਹੈ। ਉਨ੍ਹਾਂ ’ਤੇ ਨੀਤੀ ਬਣਾਉਣ ਦੌਰਾਨ ਕੁੱਝ ਵਿਅਕਤੀਆਂ ਨੂੰ ਲਾਭ ਪਹੁੰਚਾਉਣ ਦੀ ਕਥਿਤ ਸਾਜ਼ਸ਼ ’ਚ ਸਿੱਧੇ ਤੌਰ ’ਤੇ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ। 

ਕਵਿਤਾ ਨਾਂ ਦੀ ਇਕ ਪ੍ਰਦਰਸ਼ਨਕਾਰੀ ਨੇ ਕਿਹਾ, ‘‘ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਲਈ ਹਰ ਇਮਾਨਦਾਰ ਵਿਅਕਤੀ ਨੂੰ ਨਿਸ਼ਾਨਾ ਬਣਾ ਰਹੀ ਹੈ।’’ ‘ਆਪ’ ਦੇ ਸੀਨੀਅਰ ਨੇਤਾ ਭਾਰਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਦਿੱਲੀ ਵਿਧਾਨ ਸਭਾ ਦੀ ਡਿਪਟੀ ਸਪੀਕਰ ਅਤੇ ਮੰਗੋਲਪੁਰੀ ਤੋਂ ਪਾਰਟੀ ਵਿਧਾਇਕ ਰਾਖੀ ਬਿੜਲਾਨ ਦੇ ਨਾਲ ਹਿਰਾਸਤ ’ਚ ਲਿਆ ਹੈ। ਉਨ੍ਹਾਂ ਕਿਹਾ ਕਿ ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਦਿੱਲੀ ਪੁਲਿਸ ਸ਼ਾਂਤਮਈ ‘ਆਪ’ ਸਮਰਥਕਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਜਦਕਿ ਭਾਜਪਾ ਨੂੰ ਰੋਕਣ ਲਈ ਕੁੱਝ ਨਹੀਂ ਕਰ ਰਹੀ।