Mukhtar Ansari News: ਜੇਲ ਵਿਚ ਬੰਦ ਮੁਖਤਾਰ ਅੰਸਾਰੀ ਦੀ ਵਿਗੜੀ ਸਿਹਤ; ਹਸਪਤਾਲ ਵਿਚ ਭਰਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੁਖਤਾਰ ਅੰਸਾਰੀ ਨੂੰ ਬਾਂਦਾ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਹੈ।

Mukhtar Ansari hospitalised

Mukhtar Ansari News:  ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਬਾਂਦਾ ਜੇਲ ਵਿਚ ਬੰਦ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅੰਸਾਰੀ ਦੇ ਭਰਾ ਅਤੇ ਗਾਜ਼ੀਪੁਰ ਦੇ ਸੰਸਦ ਮੈਂਬਰ ਅਫਜ਼ਲ ਅੰਸਾਰੀ ਨੇ ਮੰਗਲਵਾਰ ਨੂੰ ਸਮਾਚਾਰ ਏਜੰਸੀ ਨੂੰ ਦਸਿਆ ਕਿ ਮੰਗਲਵਾਰ ਤੜਕੇ ਉਨ੍ਹਾਂ ਨੂੰ ਮੁਹੰਮਦਾਬਾਦ ਪੁਲਿਸ ਸਟੇਸ਼ਨ ਤੋਂ ਸੁਨੇਹਾ ਮਿਲਿਆ ਕਿ ਮੁਖਤਾਰ ਬੀਮਾਰ ਹੈ ਅਤੇ ਉਸ ਨੂੰ ਬਾਂਦਾ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਹੈ।

ਉਸ ਨੇ ਇਲਜ਼ਾਮ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ, ਜੇਲ ਪ੍ਰਸ਼ਾਸਨ ਅਤੇ ਹਸਪਤਾਲ ਪ੍ਰਸ਼ਾਸਨ ਉਸ ਨੂੰ ਮੁਖਤਾਰ ਦੀ ਸਿਹਤ ਬਾਰੇ ਕੁੱਝ ਨਹੀਂ ਦੱਸ ਰਿਹਾ। ਅਫਜ਼ਲ ਨੇ ਕਿਹਾ ਕਿ ਮੁਖਤਾਰ ਦੇ ਵਕੀਲ ਨੂੰ ਵੀ ਉਸ ਨੂੰ ਮਿਲਣ ਨਹੀਂ ਦਿਤਾ ਜਾ ਰਿਹਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ ਬਾਂਦਾ ਲਈ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਦਫ਼ਤਰ ਨੂੰ ਜਾਣਕਾਰੀ ਲਈ ਫ਼ੋਨ ਕੀਤਾ ਸੀ ਪਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਗੋਰਖਪੁਰ ਵਿਚ ਹੋਣ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਦਫ਼ਤਰ ਨੂੰ ਫ਼ੋਨ ਕਰਨ ਦਾ ਮਕਸਦ ਇਹ ਬੇਨਤੀ ਕਰਨਾ ਸੀ ਕਿ ਜੇਕਰ ਬਾਂਦਾ ਮੈਡੀਕਲ ਕਾਲਜ ਵਿਚ ਇਲਾਜ ਦੇ ਪੁਖਤਾ ਪ੍ਰਬੰਧ ਨਹੀਂ ਹੋਏ ਤਾਂ ਮੁਖਤਾਰ ਨੂੰ ਲਖਨਊ ਦੇ ਮੇਦਾਂਤਾ ਹਸਪਤਾਲ ਜਾਂ ਕਿਸੇ ਹੋਰ ਵੱਡੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਾਵੇ ਅਤੇ ਜੇਕਰ ਸਰਕਾਰ ਇਲਾਜ ਦਾ ਖਰਚਾ ਨਹੀਂ ਭਰ ਸਕਦੀ ਤਾਂ ਪਰਵਾਰ ਇਸ ਖਰਚ ਨੂੰ ਸਹਿਣ ਕਰੇਗਾ।

ਅਫਜ਼ਲ ਨੇ ਦਸਿਆ ਕਿ 21 ਮਾਰਚ ਨੂੰ ਬਾਰਾਬੰਕੀ ਅਦਾਲਤ ਵਿਚ ਡਿਜੀਟਲ ਮਾਧਿਅਮ ਰਾਹੀਂ ਇਕ ਕੇਸ ਦੀ ਸੁਣਵਾਈ ਦੌਰਾਨ ਮੁਖਤਾਰ ਦੇ ਵਕੀਲ ਨੇ ਇਲਜ਼ਾਮ ਲਾਇਆ ਸੀ ਕਿ ਉਸ ਨੂੰ ਜੇਲ ਵਿਚ ‘ਸਲੋ ਪੁਇਜ਼ਨ’ ਦਿਤਾ ਗਿਆ ਹੈ, ਜਿਸ ਕਾਰਨ ਉਸ ਦੀ ਹਾਲਤ ਵਿਗੜ ਰਹੀ ਹੈ। ਮਊ ਤੋਂ ਕਈ ਵਾਰ ਵਿਧਾਇਕ ਰਹਿ ਚੁੱਕੇ ਮੁਖਤਾਰ ਅੰਸਾਰੀ ਨੂੰ ਵੱਖ-ਵੱਖ ਕੇਸਾਂ ਵਿਚ ਸਜ਼ਾ ਸੁਣਾਈ ਅਤੇ ਇਸ ਸਮੇਂ ਬਾਂਦਾ ਜੇਲ ਵਿਚ ਬੰਦ ਹਨ।

 (For more Punjabi news apart from  Mukhtar Ansari hospitalised punjabi News, stay tuned to Rozana Spokesman)